‘ਜੋ ਲੋਕ ਸਿੱਧੂ ਦੇ ਜਿਊਂਦੇ ਜੀਅ ਪਰਛਾਵਾਂ ਬਣੇ ਫਿਰਦੇ ਸਨ, ਉਹ ਅੱਜ ਇਨਸਾਫ਼ ਦੀ ਲੜਾਈ ’ਚ ਕਿਤੇ ਨਜ਼ਰ ਨਹੀਂ ਆ ਰਹੇ’
ਮਾਨਸਾ, 14 ਫਰਵਰੀ : ਸਵਰਗਵਾਸੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਆਪਣੇ ਸੰਗੀਤਕ ਕਰੀਅਰ ਦੇ ਸਿਖਰ ’ਤੇ ਸੀ, ਤਾਂ ਬਹੁਤ ਸਾਰੇ ਲੋਕ ਅਤੇ ਅਖੌਤੀ ਸਾਥੀ ਉਸ ਦੇ ਨਾਲ ਖੜ੍ਹੇ ਹੁੰਦੇ ਸਨ ਅਤੇ ਕਈਆਂ ਨੇ ਤਾਂ ਆਪਣੀ ਪਛਾਣ ਹੀ ਸਿੱਧੂ ਦੇ ਨਾਂ ਨਾਲ ਜੋੜ ਲਈ ਸੀ।
ਬਲਕੌਰ ਸਿੰਘ ਨੇ ਸਵਾਲ ਉਠਾਇਆ ਕਿ ਜਿਹੜੇ ਲੋਕ ਸਿੱਧੂ ਦੇ ਜੀਵਨ ਕਾਲ ਦੌਰਾਨ ਉਸ ਦੇ ਨੇੜੇ ਹੋਣ ’ਤੇ ਮਾਣ ਮਹਿਸੂਸ ਕਰਦੇ ਸਨ, ਉਹ ਅੱਜ ਇਨਸਾਫ਼ ਦੀ ਲੜਾਈ ਵੇਲੇ ਕਿਤੇ ਵੀ ਦਿਖਾਈ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਸਿੱਧੂ ਦੇ ਨਾਂ ਦੀ ਵਰਤੋਂ ਕੀਤੀ, ਪਰ ਅੱਜ ਜਦੋਂ ਪਰਿਵਾਰ ਨੂੰ ਇਨਸਾਫ਼ ਦੀ ਲੋੜ ਹੈ ਤਾਂ ਉਹ ਚੁੱਪ ਕਿਉਂ ਹਨ?
ਅਸਲੀਅਤ ਔਖੇ ਸਮੇਂ ’ਚ ਹੀ ਪਤਾ ਲੱਗਦੀ ਹੈ
ਉਨ੍ਹਾਂ ਕਿਹਾ ਕਿ ਉਹ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ, ਪਰ ਇਹ ਸੱਚ ਹੈ ਕਿ ਕਿਸੇ ਵੱਡੇ ਦੁਖਾਂਤ ਜਾਂ ਹਾਦਸੇ ਤੋਂ ਬਾਅਦ ਹੀ ਅਸਲ ਰਿਸ਼ਤਿਆਂ ਅਤੇ ਸੁਭਾਅ ਦੀ ਪਛਾਣ ਹੁੰਦੀ ਹੈ। ਔਖੇ ਸਮੇਂ ’ਚ ਸਾਥ ਛੱਡ ਜਾਣ ਵਾਲੇ ਲੋਕ ਕਦੇ ਵੀ ਦਿਲਾਂ ’ਚ ਜਗ੍ਹਾ ਨਹੀਂ ਬਣਾ ਸਕਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲ ਹੀ ’ਚ ਮਾਨਸਾ ਦੇ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਜੋ ਕੁਝ ਹੋਇਆ, ਉਹ ਯੋਜਨਾਬੱਧ ਨਹੀਂ ਸੀ, ਸਗੋਂ ਹਾਲਾਤਾਂ ਕਾਰਨ ਅਚਾਨਕ ਵਾਪਰਿਆ।
ਪ੍ਰਸ਼ੰਸਕਾਂ ਦੇ ਸਮਰਥਨ ’ਤੇ ਮਾਣ
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ’ਚ ਵਸੇ ਸਿੱਧੂ ਦੇ ਉਨ੍ਹਾਂ ਲੱਖਾਂ ਪ੍ਰਸ਼ੰਸਕਾਂ ’ਤੇ ਮਾਣ ਹੈ, ਜੋ ਅੱਜ ਵੀ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਹਿੰਮਤ ਅਤੇ ਸਮਰਥਨ ਕਾਰਨ ਹੀ ਉਹ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਲਈ ਲੜ ਰਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਕਦੇ ਵੀ ਸਿੱਧੂ ਮੂਸੇਵਾਲਾ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ ਅਤੇ ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ।
Read More : ਹਿਮਾਚਲ : 100 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ; ਮਾਂ-ਪੁੱਤਰ ਸਮੇਤ 4 ਦੀ ਮੌਤ
