ਰਾਜਪਾਲ ਭਵਨ ਵੱਲ ਮਾਰਚ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਸ ਨੇ ਰੋਕਿਆ
ਜੰਮੂ, 14 ਫਰਵਰੀ : ਜੰਮੂ-ਕਸ਼ਮੀਰ ਪੁਲਸ ਨੇ ਅੱਜ ‘ਮਨਰੇਗਾ ਬਚਾਓ ਸੰਗਰਾਮ’ ਦੌਰਾਨ ਜੰਮੂ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਇੰਚਾਰਜ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੂੰ ਕਈ ਹੋਰਨਾਂ ਆਗੂਆਂ ਤੇ ਵਰਕਰਾਂ ਸਮੇਤ ਹਿਰਾਸਤ ’ਚ ਲੈ ਲਿਆ। ਪਰਗਟ ਸਿੰਘ ਨੇ ਪੁਲਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਿਰਾਸਤਾਂ ਜਮਹੂਰੀ ਆਵਾਜ਼ਾਂ ਨੂੰ ਦਬਾ ਨਹੀਂ ਸਕਦੀਆਂ ਅਤੇ ਕਾਂਗਰਸ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਅਤੇ ਲੋਕਾਂ ਦੇ ਅਧਿਕਾਰਾਂ ਲਈ ਲੜਾਈ ਜਾਰੀ ਰੱਖੇਗੀ।
ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਅਤੇ ਵਰਕਰ ‘ਮਨਰੇਗਾ ਬਚਾਓ’ ਅਤੇ ‘ਸਾਡਾ ਰਾਜ, ਸਾਡੇ ਅਧਿਕਾਰ’ ਦੇ ਬੈਨਰ ਹੇਠ ਲੋਕਤੰਤਰੀ ਮੰਗਾਂ ਉਠਾਉਂਦੇ ਹੋਏ ਰਾਜਪਾਲ ਭਵਨ ਵੱਲ ਮਾਰਚ ਕਰ ਰਹੇ ਸਨ। ਇਸ ਦੌਰਾਨ ਜਦੋਂ ਪ੍ਰਦਰਸ਼ਨਕਾਰੀ ਜਿਊਲ ਚੌਕ ’ਤੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਕਈ ਪ੍ਰਮੁੱਖ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਪਰਗਟ ਸਿੰਘ ਨੇ ਇਸ ਨੂੰ ‘ਲੋਕਤੰਤਰ ਦਾ ਕਤਲ’ ਕਰਾਰ ਦਿੱਤਾ।
ਮਨਰੇਗਾ ਸਕੀਮ ਨੂੰ ਕਮਜ਼ੋਰ ਕਰਨ ਦੇ ਦੋਸ਼
ਪਰਗਟ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਯੋਜਨਾ ਗ਼ਰੀਬਾਂ ਲਈ ਰੁਜ਼ਗਾਰ ਦੀ ਗਾਰੰਟੀ ਸੀ, ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕੇਂਦਰ ਸਰਕਾਰ ਇਸ ਸਕੀਮ ਲਈ 90 ਫੀਸਦੀ ਗ੍ਰਾਂਟ ਦਿੰਦੀ ਸੀ, ਜਿਸ ਨੂੰ ਹੁਣ ਘਟਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਜਾਂ ’ਤੇ 40 ਫੀਸਦੀ ਹਿੱਸਾ ਪਾਉਣ ਦਾ ਬੋਝ ਪਾਉਣ ਨਾਲ ਇਹ ਯੋਜਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਅਤੇ ਲੱਖਾਂ ਮਜ਼ਦੂਰਾਂ ਦਾ ਰੁਜ਼ਗਾਰ ਖ਼ਤਰੇ ’ਚ ਪੈ ਜਾਵੇਗਾ। ਉਨ੍ਹਾਂ ਇਹ ਵੀ ਇਤਰਾਜ਼ ਜਤਾਇਆ ਕਿ ਸਕੀਮ ਦਾ ਨਾਂ ਬਦਲਣਾ ਅਤੇ ਫੰਡਾਂ ’ਚ ਕਟੌਤੀ ਕਰਨਾ ਕੇਂਦਰ ਦੀ ਗ਼ਰੀਬ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
Read More : ਕੈਨੇਡਾ ਦੇ ਤਿੰਨ ਸਿੱਖ ਸੰਸਦ ਮੈਂਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
