ਮਮਤਾ ਸ਼ਰਮਸਾਰ

ਮਮਤਾ ਸ਼ਰਮਸਾਰ ; ਕਲਯੁਗੀ ਮਾਂ ਨੇ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਆਪਣੇ 2 ਬੱਚਿਆਂ ਨੂੰ ਮਾਰਿਆ

10 ਦਿਨਾਂ ਦੇ ਅੰਦਰ 2 ਬੱਚਿਆਂ ਦੀ ਮੌਤ ਨੇ ਖੋਲ੍ਹੀ ਰਾਜ਼ ਦੀ ਪਰਤ; ਮੁਲਜ਼ਮ ਔਰਤ ਅਤੇ ਉਸਦੀ ਭੈਣ ਗ੍ਰਿਫ਼ਤਾਰ

ਬਠਿੰਡਾ, 14 ਫਰਵਰੀ : ਬਠਿੰਡਾ ਦੇ ਪਿੰਡ ਫੂਲੇਵਾਲਾ ’ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਂ ਵੱਲੋਂ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਹਿਜ਼ 10 ਦਿਨਾਂ ਦੇ ਵਕਫ਼ੇ ਅੰਦਰ ਦੋਵਾਂ ਬੱਚਿਆਂ ਦੀ ਮੌਤ ਹੋਣ ਕਾਰਨ ਪੈਦਾ ਹੋਏ ਸ਼ੱਕ ਨੇ ਇਸ ਖ਼ੌਫ਼ਨਾਕ ਸੱਚਾਈ ਤੋਂ ਪਰਦਾ ਚੁੱਕ ਦਿੱਤਾ। ਥਾਣਾ ਫੂਲ ਦੀ ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਔਰਤ ਅਤੇ ਉਸ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਫੂਲੇਵਾਲਾ ਦੇ ਵਸਨੀਕ ਬੁੱਧ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 8 ਸਾਲਾ ਧੀ ਸੁਖਪ੍ਰੀਤ ਕੌਰ ਦੀ ਮੌਤ ਲਗਭਗ 10 ਦਿਨ ਪਹਿਲਾਂ ਸ਼ੱਕੀ ਹਾਲਾਤ ’ਚ ਹੋਈ ਸੀ। ਪਰਿਵਾਰ ਵੱਲੋਂ ਕੁਦਰਤੀ ਮੌਤ ਸਮਝ ਕੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਬੀਤੇ ਦਿਨ ਉਸ ਦੇ 6 ਸਾਲਾ ਪੁੱਤਰ ਫਤਿਹਵੀਰ ਸਿੰਘ ਦੀ ਵੀ ਇਸੇ ਤਰ੍ਹਾਂ ਦੇ ਹਾਲਾਤ ’ਚ ਮੌਤ ਹੋ ਗਈ। ਲਗਾਤਾਰ ਹੋਈਆਂ ਦੋ ਮੌਤਾਂ ਕਾਰਨ ਪਿਤਾ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਪੜਤਾਲ ਕਰਨ ’ਤੇ ਪਤਨੀ ਜੱਸੀ ਕੌਰ ਦੀ ਭੂਮਿਕਾ ਸ਼ੱਕੀ ਪਾਈ ਗਈ।

ਡੀ.ਐੱਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਹਿਰਾਸਤ ’ਚ ਲੈ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਜੱਸੀ ਕੌਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਦੋਵਾਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਮਾਰਿਆ ਹੈ। ਮੁਲਜ਼ਮ ਔਰਤ ਅਨੁਸਾਰ ਇਸ ਘਿਨਾਉਣੇ ਕਾਰਨਾਮੇ ’ਚ ਉਸ ਦੀ ਭੈਣ ਮੋਟੋ ਕੌਰ ਅਤੇ ਲੱਖੀ ਸਿੰਘ ਨਾਮੀ ਵਿਅਕਤੀ (ਵਾਸੀ ਮਹਿਲ ਕਲਾਂ, ਬਰਨਾਲਾ) ਨੇ ਵੀ ਮਦਦ ਕੀਤੀ ਸੀ।

ਪੁਲਸ ਨੇ ਕਾਰਵਾਈ ਕਰਦਿਆਂ ਮੋਟੋ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਫ਼ਰਾਰ ਮੁਲਜ਼ਮ ਲੱਖੀ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Read More : ਅਮਰੀਕਾ ਨਾਲ ‘ਟ੍ਰੇਡ ਡੀਲ’ ਕਿਸਾਨਾਂ ਤੇ ਕੱਪੜਾ ਉਦਯੋਗ ਲਈ ਘਾਤਕ : ਰਾਹੁਲ ਗਾਂਧੀ

Leave a Reply

Your email address will not be published. Required fields are marked *