Rahul Gandhi

ਅਮਰੀਕਾ ਨਾਲ ‘ਟ੍ਰੇਡ ਡੀਲ’ ਕਿਸਾਨਾਂ ਤੇ ਕੱਪੜਾ ਉਦਯੋਗ ਲਈ ਘਾਤਕ : ਰਾਹੁਲ ਗਾਂਧੀ

ਮੋਦੀ ਸਰਕਾਰ ਨੇ ਵਪਾਰ ਸਮਝੌਤੇ ਦੇ ਤੱਥ ਦੇਸ਼ ਤੋਂ ਲੁਕਾਏ; ਭਾਰਤੀ ਕਪਾਹ ਉਤਪਾਦਕਾਂ ਨਾਲ ਹੋਇਆ ਧੋਖਾ

ਨਵੀਂ ਦਿੱਲੀ, 14 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕੀਤਾ ਗਿਆ ਤਾਜ਼ਾ ਵਪਾਰ ਸਮਝੌਤਾ ਦੇਸ਼ ਦੇ ਕਪਾਹ ਉਤਪਾਦਕ ਕਿਸਾਨਾਂ ਅਤੇ ਕੱਪੜਾ ਉਦਯੋਗ ਨੂੰ ਬਰਬਾਦ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਦੂਰਦਰਸ਼ੀ ਅਤੇ ਰਾਸ਼ਟਰ ਹਿਤੈਸ਼ੀ ਸਰਕਾਰ ਅਜਿਹਾ ਸਮਝੌਤਾ ਨਹੀਂ ਕਰਦੀ ਜੋ ਕਿਸਾਨਾਂ ਅਤੇ ਬਰਾਮਦਕਾਰਾਂ ਦੇ ਹਿੱਤਾਂ ਦੀ ਬਲੀ ਦੇਵੇ।

‘ਝੂਠ ਬੋਲਣ ’ਚ ਮਾਹਿਰ ਹੈ ਸਰਕਾਰ’

ਰਾਹੁਲ ਗਾਂਧੀ ਨੇ ਇਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਇਸ ਵਪਾਰ ਸਮਝੌਤੇ ਦੇ ਨੁਕਸਾਨਦੇਹ ਪਹਿਲੂਆਂ ਨੂੰ ਜਨਤਾ ਤੋਂ ਲੁਕੋ ਕੇ ਰੱਖਿਆ ਹੈ। ਉਨ੍ਹਾਂ ‘18 ਫੀਸਦੀ ਬਨਾਮ ਜ਼ੀਰੋ ਫੀਸਦੀ’ ਟੈਕਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਭਰਮ ਫੈਲਾ ਰਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਿਸ ਤਰ੍ਹਾਂ ਬੰਗਲਾਦੇਸ਼ ਨੂੰ ਅਮਰੀਕੀ ਕਪਾਹ ਦੀ ਦਰਾਮਦ ਕਰਨ ਦੀ ਸ਼ਰਤ ’ਤੇ ਜ਼ੀਰੋ ਫੀਸਦੀ ਟੈਰਿਫ ਦਾ ਫਾਇਦਾ ਦਿੱਤਾ ਜਾ ਰਿਹਾ ਹੈ, ਭਾਰਤ ਨੂੰ ਉਸੇ ਜਾਲ ’ਚ ਕਿਉਂ ਫਸਾਇਆ ਜਾ ਰਿਹਾ ਹੈ?

ਅੱਗੇ ਖੂਹ, ਪਿੱਛੇ ਖੱਡ ਵਾਲੀ ਸਥਿਤੀ

ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਸੰਸਦ ’ਚ ਇਸ ਸਬੰਧੀ ਸਵਾਲ ਉਠਾਇਆ ਤਾਂ ਸਰਕਾਰੀ ਮੰਤਰੀ ਦਾ ਜਵਾਬ ਸੀ ਕਿ ਜੇਕਰ ਭਾਰਤ ਨੂੰ ਵੀ ਅਮਰੀਕੀ ਬਾਜ਼ਾਰ ’ਚ ਰਿਆਇਤ ਚਾਹੀਦੀ ਹੈ ਤਾਂ ਅਮਰੀਕਾ ਤੋਂ ਕਪਾਹ ਮੰਗਵਾਉਣੀ ਹੋਵੇਗੀ। ਰਾਹੁਲ ਨੇ ਕਿਹਾ, “ਜੇਕਰ ਅਸੀਂ ਅਮਰੀਕੀ ਕਪਾਹ ਮੰਗਵਾਉਂਦੇ ਹਾਂ ਤਾਂ ਸਾਡਾ ਕਿਸਾਨ ਬਰਬਾਦ ਹੋ ਜਾਵੇਗਾ ਅਤੇ ਜੇਕਰ ਨਹੀਂ ਮੰਗਵਾਉਂਦੇ ਤਾਂ ਕੱਪੜਾ ਉਦਯੋਗ ਪਿਛੜ ਜਾਵੇਗਾ। ਇਹ ‘ਅੱਗੇ ਖੂਹ, ਪਿੱਛੇ ਖੱਡ’ ਵਾਲੀ ਨੀਤੀ ਹੈ।”

ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਵਾਲ

ਰਾਹੁਲ ਗਾਂਧੀ ਨੇ ਕਿਹਾ ਕਿ ਕਪਾਹ ਦੀ ਖੇਤੀ ਅਤੇ ਕੱਪੜਾ ਉਦਯੋਗ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਰੋੜਾਂ ਪਰਿਵਾਰਾਂ ਦਾ ਗੁਜ਼ਾਰਾ ਇਸੇ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਦੀਆਂ ਇਨ੍ਹਾਂ ਗਲਤ ਨੀਤੀਆਂ ਕਾਰਨ ਲੱਖਾਂ ਲੋਕ ਬੇਰੋਜ਼ਗਾਰੀ ਅਤੇ ਆਰਥਿਕ ਸੰਕਟ ਦੀ ਖੱਡ ’ਚ ਡਿੱਗ ਜਾਣਗੇ। ਉਨ੍ਹਾਂ ਇਹ ਵੀ ਖ਼ਦਸ਼ਾ ਜਤਾਇਆ ਕਿ ਹੁਣ ਬੰਗਲਾਦੇਸ਼ ਵੀ ਭਾਰਤ ਤੋਂ ਕਪਾਹ ਦੀ ਖ਼ਰੀਦ ਘੱਟ ਜਾਂ ਬੰਦ ਕਰ ਸਕਦਾ ਹੈ।

Read More : ਅੰਮ੍ਰਿਤਸਰ ਏਅਰਪੋਰਟ ’ਤੇ ਬੈਂਕਾਕ ਤੋਂ ਆਏ ਯਾਤਰੀ ਕੋਲੋਂ 1.64 ਕਰੋੜ ਦਾ ਗਾਂਜਾ ਬਰਾਮਦ

Leave a Reply

Your email address will not be published. Required fields are marked *