22 ਕਿਲੋ ਤੋਂ ਵੱਧ ਹੈਰੋਇਨ, ਗਲੌਕ ਪਿਸਤੌਲ ਅਤੇ 2.05 ਲੱਖ ਦੀ ਡਰੱਗ ਮਨੀ ਬਰਾਮਦ ; ਪਾਕਿਸਤਾਨੀ ਸਮੱਗਲਰ ਅਲੀ ਡੋਗਰਾ ਨਾਲ ਸਨ ਸਬੰਧ
ਫਿਰੋਜ਼ਪੁਰ, 14 ਫਰਵਰੀ : ਸੀ.ਆਈ.ਏ. ਸਟਾਫ਼ ਜ਼ੀਰਾ ਦੀ ਪੁਲਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ 4 ਅੰਤਰਰਾਸ਼ਟਰੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ 22 ਕਿਲੋ 295 ਗ੍ਰਾਮ ਹੈਰੋਇਨ, 2 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ, 2 ਅਤਿ-ਆਧੁਨਿਕ ਗਲੌਕ ਪਿਸਤੌਲ, ਮੈਗਜ਼ੀਨ, ਕਾਰਤੂਸ ਅਤੇ 4 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਲਗਭਗ 111 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ. ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਪ੍ਰਤਾਪ ਸਿੰਘ (ਪਿੰਡ ਕਿਲਚਾ), ਜਗਜੀਤ ਸਿੰਘ ਉਰਫ਼ ਜੱਗਾ (ਅਰਨੀਵਾਲਾ), ਮਲੂਕ ਸਿੰਘ (ਗੰਧੂ ਕਿਲਚਾ) ਅਤੇ ਕਿਰਨਦੀਪ ਸਿੰਘ ਉਰਫ਼ ਦੀਪ (ਸ਼ਹੀਦ ਭਗਤ ਸਿੰਘ ਕਾਲੋਨੀ, ਫਿਰੋਜ਼ਪੁਰ) ਪਾਕਿਸਤਾਨੀ ਸਮੱਗਲਰਾਂ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਸਪਲਾਈ ਕਰਦੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਹਰਿਆਣਾ ਨੰਬਰ ਦੀ ਕਾਰ ’ਚ ਆ ਰਹੇ ਇਨ੍ਹਾਂ ਚਾਰਾਂ ਸਮੱਗਲਰਾਂ ਨੂੰ ਕਾਬੂ ਕਰ ਲਿਆ।
ਮੁਢਲੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 2 ਕਿਲੋ 717 ਗ੍ਰਾਮ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ। ਪਰ ਜਦੋਂ ਮੁਕੱਦਮਾ ਦਰਜ ਕਰਕੇ ਮੁਲਜ਼ਮ ਪ੍ਰਤਾਪ ਸਿੰਘ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਉਸ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 19 ਕਿਲੋ 578 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ। ਇਸ ਕਾਰਵਾਈ ’ਚ ਬੀ.ਐੱਸ.ਐੱਫ. ਦੀ 99ਵੀਂ ਬਟਾਲੀਅਨ ਨੇ ਵੀ ਫਿਰੋਜ਼ਪੁਰ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ।
ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਚਾਰੇ ਸਮੱਗਲਰ ਪਾਕਿਸਤਾਨੀ ਸਮੱਗਲਰ ਅਲੀ ਡੋਗਰਾ ਦੇ ਲਗਾਤਾਰ ਸੰਪਰਕ ’ਚ ਸਨ। ਉਨ੍ਹਾਂ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰਾਂ ਦੀ ਇਹ ਵੱਡੀ ਖੇਪ ਮੰਗਵਾਈ ਸੀ। ਪੁਲਸ ਵੱਲੋਂ ਹੁਣ ਇਨ੍ਹਾਂ ਦੇ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Read More : ਚਾਰ ਸਾਲਾ ਮਾਸੂਮ ਬੱਚੀ ਨਾਲ ਮੂੰਹ-ਬੋਲੇ ਚਾਚੇ ਵੱਲੋਂ ਦਰਿੰਦਗੀ
