Abohar

ਚਾਰ ਸਾਲਾ ਮਾਸੂਮ ਬੱਚੀ ਨਾਲ ਮੂੰਹ-ਬੋਲੇ ਚਾਚੇ ਵੱਲੋਂ ਦਰਿੰਦਗੀ

ਚੀਜ਼ ਦਿਵਾਉਣ ਦੇ ਬਹਾਨੇ ਟਿੱਬਿਆਂ ’ਚ ਲਿਜਾ ਕੇ ਕੀਤੀ ਗਲਤ ਹਰਕਤ; ਪੁਲਸ ਵੱਲੋਂ ਮੁਲਜ਼ਮ ਵਿਰੁੱਧ ਮਾਮਲਾ ਦਰਜ

ਅਬੋਹਰ, 14 ਫਰਵਰੀ : ਸ਼ੁੱਕਰਵਾਰ ਰਾਤ ਸਿਟੀ ਪੁਲਸ ਸਟੇਸ਼ਨ ਨੰਬਰ-1 ਦੇ ਅਧਿਕਾਰ ਖੇਤਰ ’ਚ ਇਕ ਚਾਰ ਸਾਲਾ ਬੱਚੀ ਨਾਲ ਉਸ ਦੇ ਹੀ ਮੂੰਹ-ਬੋਲੇ ਚਾਚੇ ਵੱਲੋਂ ਦਰਿੰਦਗੀ ਕਰਨ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਨੂੰ ਉਸ ਦੇ ਪਰਿਵਾਰ ਨੇ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰੀ ਜਾਂਚ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਲਾਕੇ ’ਚ ਰਹਿਣ ਵਾਲੀ ਇਕ ਵਿਧਵਾ ਔਰਤ ਦੀ ਮਾਸੂਮ ਬੱਚੀ ਨੂੰ ਉਸ ਦਾ ਮੂੰਹ-ਬੋਲਿਆ ਚਾਚਾ ਬੀਤੀ ਦੇਰ ਸ਼ਾਮ ਗਲੀ ’ਚੋਂ ਚੀਜ਼ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਮੁਲਜ਼ਮ ਬੱਚੀ ਨੂੰ ਦੂਰ ਇਕ ਟਿੱਬੇ ’ਤੇ ਲੈ ਗਿਆ ਅਤੇ ਉੱਥੇ ਉਸ ਨਾਲ ਗਲਤ ਹਰਕਤ ਕੀਤੀ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਇਕ ਰਾਹਗੀਰ ਉੱਥੇ ਪਹੁੰਚਿਆ ਤਾਂ ਮੁਲਜ਼ਮ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰ ਨੇ ਬੱਚੀ ਨੂੰ ਉਸ ਦੇ ਘਰ ਪਹੁੰਚਾਇਆ ਅਤੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ।

ਸਿਟੀ ਪੁਲਸ ਸਟੇਸ਼ਨ ਨੰਬਰ-1 ਦੇ ਇੰਚਾਰਜ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਕ ਮਹਿਲਾ ਅਧਿਕਾਰੀ ਨੂੰ ਜਾਂਚ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਡਾਕਟਰੀ ਜਾਂਚ ਫਾਜ਼ਿਲਕਾ ਵਿਖੇ ਕਰਵਾਈ ਗਈ ਹੈ।

ਪੁਲਸ ਅਧਿਕਾਰੀ ਅਨੁਸਾਰ ਡਾਕਟਰਾਂ ਨੇ ਮੁਢਲੀ ਜਾਂਚ ’ਚ ਬੱਚੀ ਨਾਲ ਗਲਤ ਹਰਕਤ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਸਥਿਤੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ। ਪੁਲਸ ਨੇ ਮੁਲਜ਼ਮ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਗਿੱਲ ਵੱਲੋਂ ਰਾਜਪਾਲ ਨਾਲ ਮੁਲਾਕਾਤ

Leave a Reply

Your email address will not be published. Required fields are marked *