ਹਰਜੋਤ ਸਿੰਘ ਬੈਂਸ

ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ’ਚ ਹੋਣਗੇ ਪੁਖ਼ਤਾ ਪ੍ਰਬੰਧ : ਹਰਜੋਤ ਬੈਂਸ

ਟੈਂਟ ਸਿਟੀ, ਟਰਾਲੀ ਸਿਟੀ ਤੇ ਸ਼ਟਲ ਬੱਸਾਂ ਰਾਹੀਂ ਸੰਗਤ ਨੂੰ ਮਿਲਣਗੀਆਂ ਸਹੂਲਤਾਂ ; ਪ੍ਰਸ਼ਾਸਨ ਨੂੰ ‘ਹਾਈ ਅਲਰਟ’ ’ਤੇ ਰਹਿਣ ਦੇ ਹੁਕਮ

ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ : ਹੋਲੇ-ਮਹੱਲੇ ਦੇ ਪਵਿੱਤਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ’ਚ ਪਹੁੰਚਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਉਨ੍ਹਾਂ ਨੇ ਰੂਪਨਗਰ ਜ਼ਿਲੇ ਦੇ ਅਧਿਕਾਰੀਆਂ ਨੂੰ ਟੈਂਟ ਸਿਟੀ, ਟਰਾਲੀ ਸਿਟੀ ਅਤੇ ਸਮਰਪਿਤ ਪਾਰਕਿੰਗ ਜ਼ੋਨ ਬਣਾਉਣ ਤੋਂ ਇਲਾਵਾ ਸ਼ਟਲ ਬੱਸ ਤੇ ਆਟੋ-ਰਿਕਸ਼ਾ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰੂਪਨਗਰ ਜ਼ਿਲਾ ਪ੍ਰਸ਼ਾਸਨ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੰਗਤ ਦੀ ਸਹੂਲਤ ਲਈ ਵਚਨਬੱਧ ਹੈ। ਬੈਂਸ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 8 ਏਕੜ ’ਚ ਟੈਂਟ ਸਿਟੀ, 60 ਸ਼ਟਲ ਬੱਸਾਂ, 100 ਈ-ਰਿਕਸ਼ਾ ਅਤੇ 25 ਪਾਰਕਿੰਗ ਜ਼ੋਨ ਸਥਾਪਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਤਿੰਨ ਦਿਨਾਂ ਸਮਾਗਮ ਦੌਰਾਨ ਸਿੱਖ ਧਰਮ ਦੇ ਮੂਲ ਸਿਧਾਂਤਾਂ ਅਤੇ ਅਧਿਆਤਮਿਕ ਮਾਹੌਲ ਨੂੰ ਬਰਕਰਾਰ ਰੱਖਿਆ ਜਾਵੇ।

ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਲਈ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾਵੇ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਿਆ ਜਾਵੇ। ਉਨ੍ਹਾਂ ਕਿਹਾ, “ਅਸੀਂ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਾਂ ਜਿੱਥੇ ਸ਼ਰਧਾ ਭਾਵਨਾ ’ਤੇ ਧਿਆਨ ਕੇਂਦਰਤ ਹੋਵੇ। ਯੋਜਨਾਬੰਦੀ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।” ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ‘ਹਾਈ ਅਲਰਟ’ ’ਤੇ ਰੱਖਿਆ ਗਿਆ ਹੈ ਤਾਂ ਜੋ ਹੋਲੇ-ਮਹੱਲੇ ਦੌਰਾਨ ਸਾਰਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲੇ।

Read More : ਲੁਧਿਆਣਾ ਦੇ 2 ਸੀਨੀਅਰ ਅਧਿਕਾਰੀਆਂ ਸਣੇ 3 ਰਿਸ਼ਵਤ ਲੈਂਦੇ ਗ੍ਰਿਫ਼ਤਾਰ

Leave a Reply

Your email address will not be published. Required fields are marked *