ਲੁਧਿਆਣਾ ਦੀਆਂ 13 ਗੈਰ-ਕਾਨੂੰਨੀ ਰਜਿਸਟਰੀਆਂ ਫ਼ਤਿਹਗੜ੍ਹ ਸਾਹਿਬ ‘ਚ ਕਰਨ ਦਾ ਦੋਸ਼; ਰੋਪੜ ਹੈੱਡ ਕੁਆਰਟਰ ‘ਚ ਕੀਤੀ ਤਾਇਨਾਤੀ
ਫ਼ਤਿਹਗੜ੍ਹ ਸਾਹਿਬ, 13 ਫਰਵਰੀ : ਪੰਜਾਬ ਸਰਕਾਰ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਹੇਠ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸੂਬੇ ਵਿੱਚ ਰਜਿਸਟਰੀਆਂ ਨੂੰ ਲੈ ਕੇ ਸਾਹਮਣੇ ਆਏ ਇੱਕ ਵੱਡੇ ਸਕੈਂਡਲ ਤੋਂ ਬਾਅਦ ਕੀਤੀ ਗਈ ਹੈ।
ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਮਨਦੀਪ ਕੌਰ ਨੂੰ ਪ੍ਰਬੰਧਕੀ ਹਿੱਤਾਂ ਦੇ ਆਧਾਰ ‘ਤੇ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡ ਕੁਆਰਟਰ ਰੋਪੜ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਤਹਿਸੀਲਦਾਰ ਰਮਨਦੀਪ ਕੌਰ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਲੁਧਿਆਣਾ ਦੀਆਂ 13 ਗੈਰ-ਕਾਨੂੰਨੀ ਰਜਿਸਟਰੀਆਂ ਬਿਨਾਂ ਕਿਸੇ ਐਨ.ਓ.ਸੀ. (NOC) ਦੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਵਿੱਚ ਕਰ ਦਿੱਤੀਆਂ। ਰੈਵਨਿਊ ਵਿਭਾਗ ਦੇ ਨਿਯਮਾਂ ਅਨੁਸਾਰ, ਰਜਿਸਟਰੀਆਂ ਸਿਰਫ਼ ਸਬੰਧਤ ਜ਼ਿਲ੍ਹੇ ਦੇ ਅੰਦਰ ਹੀ ਹੋ ਸਕਦੀਆਂ ਹਨ, ਪਰ ਇੱਥੇ ਨਿਯਮਾਂ ਨੂੰ ਦਰਕਿਨਾਰ ਕੀਤਾ ਗਿਆ।
ਸੂਤਰਾਂ ਅਨੁਸਾਰ ਇਹ ਰਜਿਸਟਰੀਆਂ ਲੁਧਿਆਣਾ ਦੇ ਪੌਸ਼ ਏਰੀਏ ਅਤੇ ਗੈਰ-ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਪਲਾਟਾਂ ਨਾਲ ਸਬੰਧਤ ਹਨ। ਇਨ੍ਹਾਂ ਪਲਾਟਾਂ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਦੀ ਰਜਿਸਟਰੀ ਸਬੰਧਤ ਜ਼ਿਲ੍ਹੇ ਵਿੱਚ ਹੋਣੀ ਸੰਭਵ ਨਹੀਂ ਸੀ। ਇਸ ਧੋਖਾਧੜੀ ਦੀ ਸੂਚਨਾ ਮਿਲਦਿਆਂ ਹੀ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਹੈ।
ਪੰਜਾਬ ਸਰਕਾਰ ਨੇ ਇਸ ਪੂਰੇ ਘੁਟਾਲੇ ਦੀ ਬਰੀਕੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜਾਂਚ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਸਕੈਂਡਲ ਵਿੱਚ ਹੋਰ ਕਿਹੜੇ ਅਧਿਕਾਰੀ ਜਾਂ ਪ੍ਰਾਪਰਟੀ ਡੀਲਰ ਸ਼ਾਮਲ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Read More : ਪੰਜਾਬ ਯੂਨੀਵਰਸਿਟੀ ਦੀ ਦੀਕਸ਼ਾ ਮੱਕੜ ਨੇ ਰਚਿਆ ਇਤਿਹਾਸ
