ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ 23 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਕੋਲੰਬੋ, 13 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਵਿੱਚ ਅੱਜ ਕ੍ਰਿਕਟ ਜਗਤ ਉਦੋਂ ਹੈਰਾਨ ਰਹਿ ਗਿਆ ਜਦੋਂ ਜ਼ਿੰਬਾਬਵੇ ਨੇ ਦੁਨੀਆ ਦੀ ਦਿੱਗਜ ਟੀਮ ਆਸਟ੍ਰੇਲੀਆ ਨੂੰ ਗਰੁੱਪ-ਬੀ ਦੇ ਇੱਕ ਅਹਿਮ ਮੁਕਾਬਲੇ ਵਿੱਚ 23 ਦੌੜਾਂ ਨਾਲ ਹਰਾ ਦਿੱਤਾ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਨੂੰ ਇਸ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਮੰਨਿਆ ਜਾ ਰਿਹਾ ਹੈ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।
ਜ਼ਿੰਬਾਬਵੇ ਦੀ ਇਸ ਪਾਰੀ ਦੇ ਹੀਰੋ ਬ੍ਰਾਇਨ ਬੈਨੇਟ ਰਹੇ, ਜਿਨ੍ਹਾਂ ਨੇ 56 ਗੇਂਦਾਂ ਵਿੱਚ 64 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਸਟ੍ਰੇਲੀਆ ਵੱਲੋਂ ਮਾਰਕਸ ਸਟੋਇਨਿਸ ਅਤੇ ਕੈਮਰਨ ਗ੍ਰੀਨ ਹੀ ਇੱਕ-ਇੱਕ ਵਿਕਟ ਲੈਣ ਵਿੱਚ ਸਫਲ ਹੋ ਸਕੇ।
170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਜ਼ਿੰਬਾਬਵੇ ਦੀ ਅਨੁਸ਼ਾਸਿਤ ਗੇਂਦਬਾਜ਼ੀ ਅੱਗੇ ਬੇਵੱਸ ਨਜ਼ਰ ਆਈ। ਪੂਰੀ ਟੀਮ ਨਿਰਧਾਰਤ ਟੀਚੇ ਤੋਂ 23 ਦੌੜਾਂ ਪਿੱਛੇ ਰਹਿ ਗਈ ਅਤੇ ਵਿਸ਼ਵ ਕੱਪ ਦੇ ਇਸ ਅਹਿਮ ਮੋੜ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਇਤਿਹਾਸਕ ਅੰਕੜਾ
ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2007 ਦੇ ਵਿਸ਼ਵ ਕੱਪ ਵਿੱਚ ਵੀ ਜ਼ਿੰਬਾਬਵੇ ਨੇ ਕੰਗਾਰੂਆਂ ਵਿਰੁੱਧ ਜਿੱਤ ਦਰਜ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਵਿਸ਼ਵ ਕੱਪ ਵਿੱਚ ਇਹ ਦੋਵੇਂ ਟੀਮਾਂ ਹੁਣ ਤੱਕ ਦੋ ਵਾਰ ਆਹਮੋ-ਸਾਹਮਣੇ ਹੋਈਆਂ ਹਨ ਅਤੇ ਦੋਵੇਂ ਵਾਰ ਬਾਜ਼ੀ ਜ਼ਿੰਬਾਬਵੇ ਦੇ ਹੱਥ ਹੀ ਲੱਗੀ ਹੈ।
Read More : ਪ੍ਰਤਾਪ ਬਾਜਵਾ ਖ਼ਿਲਾਫ਼ ‘ਆਪ’ ਦਾ ਪੰਜਾਬ ਵਿਆਪੀ ਰੋਸ ਪ੍ਰਦਰਸ਼ਨ
