ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਡਿਜੀਟਲ ਮੁਲਾਂਕਣ ਦਾ ਕੀਤਾ ਐਲਾਨ; QR ਕੋਡ ਵਾਲੀਆਂ ਉੱਤਰ-ਪੱਤਰੀਆਂ ਨਾਲ ਨਤੀਜਿਆਂ ਵਿਚ ਆਵੇਗੀ ਤੇਜ਼ੀ ਅਤੇ ਪਾਰਦਰਸ਼ਤਾ
ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਿੱਖਿਆ ਢਾਂਚੇ ਵਿੱਚ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ। ਮਾਰਚ 2026 ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਹੁਣ ਉੱਤਰ-ਪੱਤਰੀਆਂ ਦੇ ਮੁਲਾਂਕਣ ਲਈ ਪੂਰੀ ਤਰ੍ਹਾਂ ਡਿਜੀਟਲ ‘ਆਨ-ਸਕਰੀਨ ਮਾਰਕਿੰਗ’ ਪ੍ਰਣਾਲੀ ਅਪਣਾਉਣ ਜਾ ਰਿਹਾ ਹੈ। ਇਸ ਨਵੀਂ ਤਕਨੀਕ ਨਾਲ ਨਤੀਜੇ ਨਾ ਸਿਰਫ਼ ਤੇਜ਼ੀ ਨਾਲ ਜਾਰੀ ਹੋਣਗੇ, ਸਗੋਂ ਗਲਤੀਆਂ ਦੀ ਸੰਭਾਵਨਾ ਵੀ ਨਾਮਾਤਰ ਰਹਿ ਜਾਵੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਅਧਿਆਪਕ ਸਕੈਨ ਕੀਤੀਆਂ ਗਈਆਂ ਉੱਤਰ-ਪੱਤਰੀਆਂ ਨੂੰ ਕੰਪਿਊਟਰ ਸਕਰੀਨ ‘ਤੇ ਚੈੱਕ ਕਰਨਗੇ। ਸਾਫ਼ਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ ਆਪ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਨਵੀਂ ਡਿਜ਼ਾਈਨ ਕੀਤੀ ਉੱਤਰ-ਪੱਤਰੀ ਦੇ ਹਰੇਕ ਪੰਨੇ ‘ਤੇ ਇੱਕ ਵਿਲੱਖਣ QR ਕੋਡ ਹੋਵੇਗਾ, ਜੋ ਸੁਰੱਖਿਅਤ ਸਕੈਨਿੰਗ ਅਤੇ ਡਿਜੀਟਲ ਪ੍ਰੋਸੈਸਿੰਗ ਨੂੰ ਯਕੀਨੀ ਬਣਾਏਗਾ।
ਹਰਜੋਤ ਸਿੰਘ ਬੈਂਸ ਅਨੁਸਾਰ, ਇਸ ਪ੍ਰਣਾਲੀ ਦਾ ਸਫਲ ਪ੍ਰੀਖਣ ਸਤੰਬਰ 2025 ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੌਰਾਨ ਕੀਤਾ ਜਾ ਚੁੱਕਾ ਹੈ, ਜਿੱਥੇ 23,000 ਉੱਤਰ-ਪੱਤਰੀਆਂ ਦਾ ਡਿਜੀਟਲ ਮੁਲਾਂਕਣ ਕੀਤਾ ਗਿਆ ਸੀ। ਇਸ ਸਾਲ ਮੈਟ੍ਰਿਕ (10ਵੀਂ) ਦੇ ਇੱਕ ਵਿਸ਼ੇ ਵਿੱਚ ਇਹ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਦਾ ਵਿਸਥਾਰ ਆਉਣ ਵਾਲੇ ਸਮੇਂ ਵਿੱਚ ਸਾਰੇ ਵਿਸ਼ਿਆਂ ਲਈ ਕੀਤਾ ਜਾਵੇਗਾ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਸਭ ਤੋਂ ਵੱਡਾ ਲਾਭ ਵਿਦਿਆਰਥੀਆਂ ਨੂੰ ਹੋਵੇਗਾ। ਨਤੀਜੇ ਘੱਟ ਸਮੇਂ ਵਿੱਚ ਆਉਣਗੇ ਅਤੇ ਮੁਲਾਂਕਣ ਵਿੱਚ ਨਿਰਪੱਖਤਾ ਤੇ ਪਾਰਦਰਸ਼ਤਾ ਵਧੇਗੀ। ਬੋਰਡ ਨੇ ਇਸ ਪ੍ਰਣਾਲੀ ਲਈ ਸਾਰੀਆਂ ਤਕਨੀਕੀ ਅਤੇ ਪ੍ਰਬੰਧਕੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਿਸ ਨਾਲ ਅਧਿਆਪਕਾਂ ਨੂੰ ਵੀ ਡਿਜੀਟਲ ਇੰਟਰਫੇਸ ‘ਤੇ ਕੰਮ ਕਰਨ ਦਾ ਨਵਾਂ ਤਜ਼ਰਬਾ ਮਿਲੇਗਾ।
Read More : ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੀ.ਐਮ.ਓ. ‘ਸੇਵਾ ਤੀਰਥ’ ਦਾ ਕੀਤਾ ਉਦਘਾਟਨ
