180-ETT-ਅਧਿਆਪਕ

180 ਈ.ਟੀ.ਟੀ. ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਸਖ਼ਤ

ਵਿੱਤ ਅਤੇ ਸਿੱਖਿਆ ਵਿਭਾਗ ਨੂੰ ਸਾਂਝੀ ਬੈਠਕ ਦੇ ਨਿਰਦੇਸ਼

ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ ਇੱਕ ਸਾਂਝੀ ਹੰਗਾਮੀ ਬੈਠਕ ਬੁਲਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਇੱਕ ਅਹਿਮ ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕੀਤੇ।

ਵਿੱਤ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਉਠਾਏ ਗਏ ਮਸਲੇ ਬਹੁਤ ਗੰਭੀਰ ਹਨ ਅਤੇ ਉਹ ਜਲਦ ਨਿਬੇੜੇ ਦੇ ਹੱਕਦਾਰ ਹਨ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਮਸਲੇ ਨਾਲ ਸਬੰਧਤ ਸਾਰੇ ਵੇਰਵੇ ਤੁਰੰਤ ਵਿੱਤ ਵਿਭਾਗ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਕਾਨੂੰਨੀ ਅਤੇ ਵਿੱਤੀ ਪਹਿਲੂਆਂ ਦੀ ਜਾਂਚ ਕਰਕੇ ਕੋਈ ਪਾਰਦਰਸ਼ੀ ਅਤੇ ਸਥਿਰ ਹੱਲ ਕੱਢਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੇ ਹਿੱਤ ਵਿੱਚ ਫੈਸਲਾ ਲੈਣ ਵੇਲੇ ਕੋਈ ਵੀ ਪ੍ਰਸ਼ਾਸਨਿਕ ਅੜਚਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਬੈਠਕ ਦੌਰਾਨ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼ੌਕਤ ਅਹਿਮਦ ਪਰੈ, ਐਡੀਸ਼ਨਲ ਐਡਵੋਕੇਟ ਜਨਰਲ ਰਮਨਦੀਪ ਸਿੰਘ ਪੰਧੇਰ, ਵਿਸ਼ੇਸ਼ ਸਕੱਤਰ (ਪਰਸੋਨਲ) ਉਪਕਾਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਵਿੱਤ ਮੰਤਰੀ ਅਨੁਸਾਰ ਐਡਵੋਕੇਟ ਜਨਰਲ ਦਫ਼ਤਰ ਅਤੇ ਸੀਨੀਅਰ ਵਿੱਤ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਅੰਤਿਮ ਫੈਸਲਾ ਕਾਨੂੰਨੀ ਤੌਰ ‘ਤੇ ਸਹੀ ਹੋਵੇ।

ਇਸ ਬੈਠਕ ਵਿੱਚ 180 ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਹੇਠ ਸੋਹਣ ਸਿੰਘ, ਗੁਰਮੁਖ ਸਿੰਘ ਅਤੇ ਗੌਰਵ ਕਾਂਤ ਨੇ ਅਧਿਆਪਕਾਂ ਦਾ ਪੱਖ ਰੱਖਿਆ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਬਾਰੇ ਜਾਣੂ ਕਰਵਾਇਆ।

Read More : ਪੰਜਾਬ ‘ਚ ਹੁਣ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ‘ਪੰਜਾਬ ਕ੍ਰਿਕਟ ਲੀਗ’

Leave a Reply

Your email address will not be published. Required fields are marked *