India

ਟੀ-20 ਵਰਲਡ ਕੱਪ 2026 : ਭਾਰਤ ਦੀ ਨਾਮੀਬੀਆ ‘ਤੇ 93 ਦੌੜਾਂ ਨਾਲ ਵੱਡੀ ਜਿੱਤ

ਈਸ਼ਾਨ ਤੇ ਹਾਰਦਿਕ ਨੇ ਮਚਾਇਆ ਤੂਫ਼ਾਨ

ਨਵੀਂ ਦਿੱਲੀ, 13 ਫਰਵਰੀ : ਟੀ-20 ਵਰਲਡ ਕੱਪ 2026 ਦੇ 18ਵੇਂ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮੀਬੀਆ ਨੂੰ 93 ਦੌੜਾਂ ਦੇ ਵੱਡੇ ਫਰਕ ਨਾਲ ਕਰਾਰੀ ਮਾਤ ਦਿੱਤੀ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਾਮੀਬੀਆ ਅੱਗੇ 210 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ।

ਜਵਾਬ ਵਿੱਚ ਨਾਮੀਬੀਆ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਸਫਲਤਾ ਦਰਜ ਕਰ ਲਈ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 209 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਮੈਦਾਨ ‘ਤੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰਦਿਆਂ ਮਹਿਜ਼ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਕੁੱਲ 24 ਗੇਂਦਾਂ ਵਿੱਚ 61 ਦੌੜਾਂ ਬਣਾਈਆਂ, ਜਿਸ ਵਿੱਚ ਜੇਜੇ ਸਮਿਟ ਦੇ ਇੱਕੋ ਓਵਰ ਵਿੱਚ ਲਗਾਤਾਰ ਚਾਰ ਛੱਕੇ ਸ਼ਾਮਲ ਸਨ।

ਦੂਜੇ ਪਾਸੇ, ਹਾਰਦਿਕ ਪੰਡਯਾ ਨੇ ਵੀ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 28 ਗੇਂਦਾਂ ਵਿੱਚ 52 ਦੌੜਾਂ (4 ਚੌਕੇ, 4 ਛੱਕੇ) ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸੰਜੂ ਸੈਮਸਨ ਨੇ 22 ਅਤੇ ਤਿਲਕ ਵਰਮਾ ਨੇ 25 ਦੌੜਾਂ ਦੀਆਂ ਅਹਿਮ ਪਾਰੀਆਂ ਖੇਡੀਆਂ। ਨਾਮੀਬੀਆ ਦੇ ਕਪਤਾਨ ਗੇਰਹਾਰਡ ਇਰਾਸਮਸ ਨੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀਆਂ 4 ਵਿਕਟਾਂ ਝਟਕਾਈਆਂ।

210 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਾਮੀਬੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਚੌਥੇ ਹੀ ਓਵਰ ਵਿੱਚ ਉਨ੍ਹਾਂ ਨੇ ਜਾਨ ਫ੍ਰਾਈਲਿੰਕ (22) ਦੀ ਵਿਕਟ ਗੁਆ ਦਿੱਤੀ। ਭਾਰਤੀ ਮਿਸਟਰੀ ਸਪਿਨਰ ਵਰੁਣ ਚੱਕਰਵਰਤੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਨਾਮੀਬੀਆ ਦੇ ਬੱਲੇਬਾਜ਼ੀ ਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ।

ਉਨ੍ਹਾਂ ਨੇ ਇੱਕੋ ਓਵਰ ਵਿੱਚ ਦੋ ਵਿਕਟਾਂ ਲੈ ਕੇ ਮੈਚ ਪੂਰੀ ਤਰ੍ਹਾਂ ਭਾਰਤ ਦੇ ਪੱਖ ਵਿੱਚ ਕਰ ਦਿੱਤਾ। ਅਕਸ਼ਰ ਪਟੇਲ ਨੇ ਕਪਤਾਨ ਇਰਾਸਮਸ (18) ਅਤੇ ਮਲਾਨ ਕਰੂਗਰ ਦੀਆਂ ਵਿਕਟਾਂ ਲਈਆਂ, ਜਦਕਿ ਜਸਪ੍ਰੀਤ ਬੁਮਰਾਹ ਨੇ ਵੀ ਇੱਕ ਸਫਲਤਾ ਹਾਸਲ ਕੀਤੀ।

Read More : ਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Leave a Reply

Your email address will not be published. Required fields are marked *