ਸਮਝੌਤਾ ਪੰਜਾਬ ਤੇ ਦੇਸ਼ ਦੇ ਖੇਤੀ ਅਰਥਚਾਰੇ ਲਈ ਗੰਭੀਰ ਖ਼ਤਰਾ, ਕਿਸਾਨ ਹੋ ਜਾਣਗੇ ਤਬਾਹ
ਚੰਡੀਗੜ੍ਹ, 12 ਫਰਵਰੀ : ਕਾਂਗਰਸੀ ਵਿਧਾਇਕ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਮਝੌਤਾ ਪੰਜਾਬ ਅਤੇ ਦੇਸ਼ ਦੇ ਖੇਤੀ ਅਰਥਚਾਰੇ ਲਈ ਗੰਭੀਰ ਖ਼ਤਰਾ ਸਾਬਤ ਹੋਵੇਗਾ।
ਖਹਿਰਾ ਨੇ ਕਿਹਾ ਕਿ ਅਮਰੀਕਾ ਤੋਂ ਸਬਸਿਡੀ ਪ੍ਰਾਪਤ ਖੇਤੀ ਉਤਪਾਦਾਂ ਦੀ ਆਯਾਤ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ, ਕਿਉਂਕਿ ਸਾਡੇ ਕਿਸਾਨ ਪਹਿਲਾਂ ਹੀ ਵਧਦੀਆਂ ਲਾਗਤਾਂ ਅਤੇ ਕਰਜ਼ੇ ਦੇ ਬੋਝ ਹੇਠ ਦਬੇ ਹੋਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੱਕੀ, ਸੋਇਆਬੀਨ ਅਤੇ ਡੇਅਰੀ ਉਤਪਾਦਾਂ ਦੀ ਸਸਤੀ ਆਯਾਤ ਨਾਲ ਦੇਸ਼ ਅੰਦਰ ਖੇਤੀ ਵਸਤੂਆਂ ਦੇ ਭਾਅ ਡਿੱਗ ਜਾਣਗੇ, ਜਿਸ ਨਾਲ ਲੱਖਾਂ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸਿੱਧਾ ਨੁਕਸਾਨ ਹੋਵੇਗਾ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਸਮਝੌਤਾ ਐੱਮ.ਐੱਸ.ਪੀ. (MSP) ਪ੍ਰਣਾਲੀ ਅਤੇ ਸਰਕਾਰੀ ਖ਼ਰੀਦ ਪ੍ਰਕਿਰਿਆ ਨੂੰ ਕਮਜ਼ੋਰ ਕਰ ਸਕਦਾ ਹੈ।
ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਇਸ ਮਾਮਲੇ ’ਤੇ ਉਨ੍ਹਾਂ ਦੀ ਚੁੱਪੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਅਖਵਾਉਣ ਵਾਲਾ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਨੂੰ ਖ਼ਤਰੇ ’ਚ ਪਾਉਣ ਵਾਲੇ ਇਸ ਸਮਝੌਤੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲ ਰਿਹਾ।
ਖਹਿਰਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਮਝੌਤੇ ਦੇ ਸਾਰੇ ਵੇਰਵੇ ਜਨਤਕ ਕਰੇ ਅਤੇ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਕੋਈ ਵੀ ਕਦਮ ਨਾ ਚੁੱਕੇ।
Read More : ਨਸ਼ਿਆਂ ਦਾ ਖ਼ਾਤਮਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ : ਰਾਜਪਾਲ
