ਰਾਜਪਾਲ ਕਟਾਰੀਆ

ਨਸ਼ਿਆਂ ਦਾ ਖ਼ਾਤਮਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ : ਰਾਜਪਾਲ

ਅਬੋਹਰ ਵਿਖੇ ‘ਨਸ਼ਾਮੁਕਤ ਪੈਦਲ ਯਾਤਰਾ’ ਦੀ ਸ਼ਾਨਦਾਰ ਸਮਾਪਤੀ, ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਦਿੱਤਾ ਸੱਦਾ

ਅਬੋਹਰ, 12 ਫਰਵਰੀ : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਸਰਹੱਦੀ ਜ਼ਿਲ੍ਹਿਆਂ ’ਚ ਕੱਢੀ ਜਾ ਰਹੀ ਚਾਰ ਰੋਜ਼ਾ ‘ਨਸ਼ਾਮੁਕਤ ਪੈਦਲ ਯਾਤਰਾ’ ਦਾ ਅੱਜ ਸਥਾਨਕ ਡੀ.ਏ.ਵੀ. ਕਾਲਜ ਵਿਖੇ ਸ਼ਾਨਦਾਰ ਸਮਾਪਨ ਹੋਇਆ। ਯਾਤਰਾ ਦੇ ਆਖਰੀ ਦਿਨ ਰੇਲਵੇ ਸਟੇਸ਼ਨ ਤੋਂ ਡੀ.ਏ.ਵੀ. ਕਾਲਜ ਤੱਕ ਰੋਸ ਮਾਰਚ ਕੱਢਿਆ ਗਿਆ, ਜਿਸ ’ਚ ਵੱਖ-ਵੱਖ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ, ਵਿੱਦਿਅਕ ਸੰਸਥਾਵਾਂ ਦੇ ਮੁਖੀਆਂ, ਐੱਨ.ਜੀ.ਓਜ਼ ਅਤੇ ਸਮਾਜਿਕ ਸੰਸਥਾਵਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਨਸ਼ਾਮੁਕਤ ਪੰਜਾਬ ਦਾ ਸੰਕਲਪ ਲਿਆ।

ਕਾਲਜ ਦੇ ਆਡੀਟੋਰੀਅਮ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਸਿਰਫ਼ ਸਰਕਾਰ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ, ਇਹ ਸਾਡੀ ਸਾਰਿਆਂ ਦੀ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕਜੁੱਟ ਹੋਵਾਂਗੇ, ਤਾਂ ਹੀ ਪੰਜਾਬ ਮੁੜ ‘ਰੰਗਲਾ ਪੰਜਾਬ’ ਬਣ ਸਕੇਗਾ।

ਰਾਜਪਾਲ ਨੇ ਸੁਚੇਤ ਕਰਦਿਆਂ ਕਿਹਾ ਕਿ ਗੁਆਂਢੀ ਦੁਸ਼ਮਣ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਸਮੇਤ ਕਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਅੰਤ ’ਚ ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਉੱਜਵਲ ਭਵਿੱਖ ਲਈ ਪੜ੍ਹਾਈ ਨੂੰ ਪਹਿਲ ਦੇਣ ਅਤੇ ਨਸ਼ਿਆਂ ਵਿਰੁੱਧ ਇਸ ਮੁਹਿੰਮ ’ਚ ਸਰਗਰਮ ਸਹਿਯੋਗ ਦੇਣ।

Read More : ਵਿਜੀਲੈਂਸ ਬਿਊਰੋ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਰੰਗੇ ਹੱਥੀਂ ਕਾਬੂ

Leave a Reply

Your email address will not be published. Required fields are marked *