SSP Fazilka

ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ’ਚ ਪੁਲਸ ਕਾਰਵਾਈ ਲਈ ਐੱਸ.ਐੱਸ.ਪੀ. ਫਾਜ਼ਿਲਕਾ ਨੇ ਮੰਗੀ ਮੁਆਫ਼ੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋ ਕੇ ਦਿੱਤਾ ਸਪੱਸ਼ਟੀਕਰਨ, ਲਿਖਤੀ ਖ਼ਿਮਾ ਜਾਚਨਾ ਦੀ ਮੰਗ

ਅੰਮ੍ਰਿਤਸਰ, 12 ਫਰਵਰੀ : ਬੀਤੇ ਦਿਨੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ’ਚ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾਂ ਫਾਜ਼ਿਲਕਾ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਮਾਮਲੇ ’ਚ ਅੱਜ ਜ਼ਿਲ੍ਹਾ ਪੁਲਸ ਮੁਖੀ (SSP) ਗੁਰਮੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ। ਉਨ੍ਹਾਂ ਪੁਲਸ ਵੱਲੋਂ ਹੋਈ ਇਸ ਗਲਤੀ ਲਈ ਨਿਮਰਤਾ ਸਹਿਤ ਖ਼ਿਮਾ ਜਾਚਨਾ ਕੀਤੀ ਅਤੇ ਆਪਣਾ ਪੱਖ ਰੱਖਿਆ।

ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਇਸ ਘਟਨਾ ਸਬੰਧੀ ਸਪੱਸ਼ਟੀਕਰਨ ਦਿੱਤਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ, ਜਿੱਥੇ ਦੁਨੀਆ ਭਰ ਤੋਂ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ ਅਤੇ ਇੱਥੋਂ ਦੀ ਮਰਿਆਦਾ ਸਭ ਤੋਂ ਉੱਪਰ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਮੁਖੀ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਪੰਜ ਮੁਲਾਜ਼ਮਾਂ ਨੂੰ ਪ੍ਰਕਰਮਾ ਅੰਦਰ ਇਸ ਤਰ੍ਹਾਂ ਦਾਖਲ ਹੋ ਕੇ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਜਥੇਦਾਰ ਨੇ ਐੱਸ.ਐੱਸ.ਪੀ. ਨੂੰ ਆਪਣਾ ਸਪੱਸ਼ਟੀਕਰਨ ਲਿਖਤੀ ਰੂਪ ਵਿੱਚ ਸੌਂਪਣ ਲਈ ਆਖਿਆ ਹੈ। ਪੁਲਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਗਲਤੀ ਦੁਬਾਰਾ ਨਹੀਂ ਦੁਹਰਾਈ ਜਾਵੇਗੀ।

Read More : ਨਾਰਕੋ-ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼; 7.6 ਕਿਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ

Leave a Reply

Your email address will not be published. Required fields are marked *