ਦੁਬਈ ਅਧਾਰਿਤ ਹੈਂਡਲਰ ਚਲਾ ਰਿਹਾ ਸੀ ਨੈੱਟਵਰਕ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਜਾਂਦੀ ਸੀ ਖੇਪ
ਅੰਮ੍ਰਿਤਸਰ, 12 ਫਰਵਰੀ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਾਰਕੋ-ਸਮੱਗਲਿੰਗ ਨੈੱਟਵਰਕ ਦਾ ਵੱਡਾ ਪਰਦਾਫਾਸ਼ ਕਰਦਿਆਂ ਦੋ ਸਮੱਗਲਰਾਂ ਨੂੰ 7.6 ਕਿਲੋਗ੍ਰਾਮ ਹੈਰੋਇਨ ਅਤੇ 21,800 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਛੇਹਰਟਾ ਵਿਖੇ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ 19 ਸਾਲਾ ਸਾਹਿਬਪ੍ਰੀਤ ਸਿੰਘ ਉਰਫ਼ ਸਾਹਿਬ (ਵਾਸੀ ਫਤਿਹਗੜ੍ਹ ਚੂੜੀਆਂ) ਅਤੇ 26 ਸਾਲਾ ਗਗਨਦੀਪ ਸਿੰਘ ਉਰਫ਼ ਗਗਨ (ਵਾਸੀ ਕੋਟ ਖ਼ਾਲਸਾ, ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਸ ਮੁਤਾਬਕ ਦੋਵੇਂ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਆਰਮਜ਼ ਐਕਟ ਅਤੇ ਲੁੱਟਖੋਹ ਦੇ ਕਈ ਮਾਮਲੇ ਦਰਜ ਹਨ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਦੁਬਈ ਵਿੱਚ ਬੈਠੇ ਇੱਕ ਹੈਂਡਲਰ ਦੇ ਸੰਪਰਕ ਵਿੱਚ ਸਨ। ਇਹ ਹੈਂਡਲਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ ਦਾ ਪ੍ਰਬੰਧ ਕਰਦਾ ਸੀ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਹੈਂਡਲਰ ਪਹਿਲਾਂ ਵੀ 43 ਕਿਲੋ ਹੈਰੋਇਨ ਦੀ ਬਰਾਮਦਗੀ ਵਾਲੇ ਇੱਕ ਵੱਡੇ ਕੇਸ ਵਿੱਚ ਸ਼ਾਮਲ ਰਿਹਾ ਹੈ। ਪੁਲਸ ਵੱਲੋਂ ਇਸ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ਲਈ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
Read More : ‘ਆਪ’ ਵਿਧਾਇਕਾ ਭਰਾਜ ਦਾ ਖੁਲਾਸਾ: ‘ਆਪ੍ਰੇਸ਼ਨ ਲੋਟਸ’ ਤਹਿਤ ਭਾਜਪਾ ਨੇ ਦਿੱਤਾ ਵੱਡਾ ਆਫਰ
