ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ‘ਗੱਦਾਰੀ’ : ਕੁਲਦੀਪ ਧਾਲੀਵਾਲ

ਸੁਨੀਲ ਜਾਖੜ ਨੂੰ ਖੁੱਲ੍ਹੀ ਚੁਣੌਤੀ — ਮੀਡੀਆ ‘ਚ ਸਿਫ਼ਤਾਂ ਕਰਨ ਦੀ ਬਜਾਏ ਡੀਲ ਦਾ ਅਸਲੀ ਡਰਾਫਟ ਜਨਤਕ ਕਰਨ

ਚੰਡੀਗੜ੍ਹ, 11 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਟ੍ਰੇਡ ਡੀਲ ਦੀ ਵਕਾਲਤ ਕਰ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲਿਆ ਹੈ। ਧਾਲੀਵਾਲ ਨੇ ਇਸ ਸਮਝੌਤੇ ਨੂੰ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ‘ਗੱਦਾਰੀ’ ਕਰਾਰ ਦਿੱਤਾ ਅਤੇ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਵਿੱਚ ਸਿਫ਼ਤਾਂ ਕਰਨ ਦੀ ਬਜਾਏ ਇਸ ਡੀਲ ਦਾ ਅਸਲੀ ਡਰਾਫਟ ਜਨਤਕ ਕਰਨ।

ਬੁੱਧਵਾਰ ਨੂੰ ‘ਆਪ’ ਆਗੂ ਪ੍ਰਭਵੀਰ ਬਰਾੜ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਧਾਲੀਵਾਲ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਟਰੰਪ ਸਰਕਾਰ ਨੇ ਭਾਰਤੀ ਵਸਤਾਂ ‘ਤੇ ਟੈਰਿਫ ਵਧਾ ਕੇ 18% ਕਰ ਦਿੱਤਾ ਹੈ, ਜਦਕਿ ਮੋਦੀ ਸਰਕਾਰ ਨੇ ਅਮਰੀਕੀ ਵਸਤਾਂ ‘ਤੇ ਟੈਕਸ 7.7% ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਅਮਰੀਕੀ ਕਿਸਾਨ ਭਾਰਤ ਵਿੱਚ ਬਿਨਾਂ ਟੈਕਸ ਤੋਂ ਮਾਲ ਵੇਚੇਗਾ ਅਤੇ ਭਾਰਤੀ ਕਿਸਾਨ ਨੂੰ ਅਮਰੀਕਾ ਵਿੱਚ 18% ਟੈਕਸ ਦੇਣਾ ਪਵੇਗਾ, ਤਾਂ ਇਹ ਬਰਾਬਰੀ ਦਾ ਸੌਦਾ ਕਿਵੇਂ ਹੋਇਆ?

ਧਾਲੀਵਾਲ ਨੇ ਚਿਤਾਵਨੀ ਦਿੱਤੀ ਕਿ ਇਸ ਡੀਲ ਕਾਰਨ ਅਮਰੀਕੀ ਫ਼ਸਲਾਂ ਭਾਰਤੀ ਮੰਡੀਆਂ ‘ਤੇ ਕਬਜ਼ਾ ਕਰ ਲੈਣਗੀਆਂ। ਇਸ ਨਾਲ ਪੰਜਾਬ, ਯੂਪੀ ਅਤੇ ਮਹਾਰਾਸ਼ਟਰ ਦੇ ਮੱਕੀ, ਬਾਜਰਾ ਅਤੇ ਜਵਾਰ ਪੈਦਾ ਕਰਨ ਵਾਲੇ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰੋ ਟੈਰਿਫ ਕਾਰਨ ਕਸ਼ਮੀਰ ਅਤੇ ਹਿਮਾਚਲ ਦੇ ਸੇਬ, ਬਦਾਮ ਅਤੇ ਅਖਰੋਟ ਉਤਪਾਦਕ ਵੀ ਸੜਕਾਂ ‘ਤੇ ਆ ਜਾਣਗੇ।

ਸੁਨੀਲ ਜਾਖੜ ‘ਤੇ ਹਮਲਾ ਕਰਦਿਆਂ ਧਾਲੀਵਾਲ ਨੇ ਕਿਹਾ, “ਜਾਖੜ ਸਾਹਿਬ, ਤੁਸੀਂ ਅੱਜ ਉਸੇ ਤਰ੍ਹਾਂ ਇਸ ਡੀਲ ਦੀ ਵਕਾਲਤ ਕਰ ਰਹੇ ਹੋ ਜਿਵੇਂ ਕਦੇ ਬਾਦਲ ਪਰਿਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਕਰਦਾ ਸੀ। ਕਿਤੇ ਮੋਦੀ ਦੀ ਚਾਕਰੀ ਕਰਦਿਆਂ ਤੁਹਾਡਾ ਹਸ਼ਰ ਵੀ ਅਕਾਲੀਆਂ ਵਰਗਾ ਨਾ ਹੋ ਜਾਵੇ।” ਉਨ੍ਹਾਂ ਦੋਸ਼ ਲਾਇਆ ਕਿ ਜਾਖੜ ਪਹਿਲਾਂ ਕਾਂਗਰਸ ਵਿੱਚ ਰਹਿ ਕੇ ਗਾਂਧੀ ਪਰਿਵਾਰ ਦੀ ਚਾਕਰੀ ਕਰਦੇ ਸਨ ਅਤੇ ਹੁਣ ਭਾਜਪਾ ਵਿੱਚ ਜਾ ਕੇ ਦੇਸ਼ ਦੇ ਹਿੱਤ ਵੇਚਣ ‘ਤੇ ਤੁਲੇ ਹੋਏ ਹਨ।

‘ਆਪ’ ਬੁਲਾਰੇ ਨੇ ਕਿਹਾ ਕਿ ਅੱਜ ਤੱਕ ਇਸ ਡੀਲ ਦੀ ਜਾਣਕਾਰੀ ਸਿਰਫ਼ ਟਰੰਪ ਦੇ ਟਵੀਟਾਂ ਤੋਂ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਨਾ ਤਾਂ ਸੰਸਦ ਨੂੰ ਅਤੇ ਨਾ ਹੀ ਦੇਸ਼ ਨੂੰ ਭਰੋਸੇ ਵਿੱਚ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ‘ਆਪ’ ਭਾਜਪਾ ਦੇ ਇਸ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦੀ ਰਹੇਗੀ ਅਤੇ ਜਾਖੜ ਦੇ ਹਰ ਝੂਠ ਦਾ ਰੋਜ਼ਾਨਾ ਜਵਾਬ ਦਿੱਤਾ ਜਾਵੇਗਾ।

Read More : ਸੂਫੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹਥਿਆਰਬੰਦ ਵਿਅਕਤੀ ਨੇ ਫੈਲਾਈ ਦਹਿਸ਼ਤ

Leave a Reply

Your email address will not be published. Required fields are marked *