ਵਿਆਹ ਸਮਾਗਮ ਦੌਰਾਨ ‘ਜਾਗੋ’ ਦੀ ਰੰਜਿਸ਼ ਨੇ ਲਿਆ ਖ਼ੂਨੀ ਰੂਪ; ਸੀ.ਸੀ.ਟੀ.ਵੀ. ’ਚ ਕੈਦ ਹੋਈ ਵਾਰਦਾਤ
ਫ਼ਰੀਦਕੋਟ, 11 ਫਰਵਰੀ : ਫ਼ਰੀਦਕੋਟ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਦੋਸਤਾਂ ਵੱਲੋਂ ਹੀ ਆਪਣੇ ਇਕ ਦੋਸਤ ਦੀ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਆਪਣੇ ਦੋਸਤ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ‘ਜਾਗੋ’ ਵਾਲੇ ਦਿਨ ਮ੍ਰਿਤਕ ਦੀ ਆਪਣੇ ਹੀ ਦੋਸਤ ਖੁਸ਼ਪ੍ਰੀਤ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਈ ਸੀ, ਜਿਸ ਦੀ ਰੰਜਿਸ਼ ਖੁਸ਼ਪ੍ਰੀਤ ਨੇ ਆਪਣੇ ਦਿਲ ’ਚ ਰੱਖ ਲਈ।
ਬੀਤੀ ਰਾਤ ਜਦੋਂ ਇਕ ਮੈਰਿਜ ਪੈਲੇਸ ’ਚ ਵਿਆਹ ਦਾ ਜਸ਼ਨ ਚੱਲ ਰਿਹਾ ਸੀ ਤਾਂ ਖਾਣਾ ਖਾਣ ਵੇਲੇ ਖੁਸ਼ਪ੍ਰੀਤ ਸਿੰਘ ਅਤੇ ਉਸ ਦੇ ਇਕ ਸਾਥੀ ਨੇ ਦਿਲਪ੍ਰੀਤ ਨੂੰ ਪੈਲੇਸ ਤੋਂ ਬਾਹਰ ਬੁਲਾਇਆ। ਉਥੇ ਉਨ੍ਹਾਂ ਨੇ ਉਸ ’ਤੇ ਕਿਰਚਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇਕ ਦੋਸਤ ਉਸ ਨੂੰ ਬਾਹਰ ਲੈ ਗਿਆ ਅਤੇ ਕੁਝ ਸਮੇਂ ਬਾਅਦ ਉਹ ਤੜਫ਼ਦਾ ਹੋਇਆ ਅੰਦਰ ਆਇਆ।
ਉਨ੍ਹਾਂ ਦੱਸਿਆ ਕਿ ਪੈਲੇਸ ਦੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਨੇ ਦਿਲਪ੍ਰੀਤ ਦੀਆਂ ਬਾਂਹਾਂ ਫੜੀਆਂ ਹੋਈਆਂ ਸਨ, ਜਦਕਿ ਦੂਜੇ ਨੇ ਉਸ ’ਤੇ ਕਿਰਚਾਂ ਨਾਲ ਹਮਲਾ ਕੀਤਾ। ਜ਼ਖ਼ਮੀ ਹਾਲਤ ’ਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਹਨ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More : ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪ੍ਰਿੰਸ ਨੇ ਤੋੜਿਆ ਦਮ
