ਅੰਮ੍ਰਿਤਸਰ, 11 ਫਰਵਰੀ : ਤਰਨ ਤਾਰਨ ਦੇ ਲਾਅ ਕਾਲਜ ’ਚ ਪੜ੍ਹ ਰਹੀ ਇਕ ਲੜਕੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਵੀ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸ ਦੀ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਮੌਤ ਹੋ ਗਈ।
ਪ੍ਰਿੰਸ ਦੇ ਸਿਰ ’ਚ ਗੋਲੀ ਲੱਗੀ ਸੀ, ਜੋ ਦੂਜੇ ਪਾਸੇ ਤੋਂ ਨਿਕਲ ਗਈ ਸੀ। ਇਸ ਕਾਰਨ ਉਸ ਦੀ ਹਾਲਤ ਸ਼ੁਰੂ ਤੋਂ ਹੀ ਬਹੁਤ ਗੰਭੀਰ ਬਣੀ ਹੋਈ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਿੰਸ ਦੀ ਜਾਨ ਬਚਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸੁਧਾਰ ਨਾ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਪ੍ਰਿੰਸ ਨੂੰ ਦਾਖਲ ਕਰਵਾਇਆ ਗਿਆ ਸੀ, ਉਸ ਸਮੇਂ ਵੀ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਬੀਤੀ ਸ਼ਾਮ ਤੋਂ ਉਸ ਦਾ ਬਲੱਡ ਪ੍ਰੈਸ਼ਰ ਲਗਾਤਾਰ ਘਟਦਾ ਜਾ ਰਿਹਾ ਸੀ ਅਤੇ ਸਾਹ ਲੈਣ ’ਚ ਦਿੱਕਤ ਹੋਣ ਕਾਰਨ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਆਈ.ਸੀ.ਯੂ. ’ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਲਗਾਤਾਰ ਜੱਦੋ-ਜਹਿਦ ਕਰ ਰਹੀ ਸੀ, ਪਰ ਅੱਜ ਉਸ ਨੇ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਿੰਸ ਵੱਲੋਂ ਤਰਨ ਤਾਰਨ ਦੇ ਲਾਅ ਕਾਲਜ ’ਚ ਪੜ੍ਹ ਰਹੀ ਲੜਕੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ਘਟਨਾ ਤੋਂ ਬਾਅਦ ਤੋਂ ਹੀ ਪ੍ਰਿੰਸ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜੋ ਅੱਜ ਮੌਤ ’ਚ ਬਦਲ ਗਈ।
Read More : ਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼
