ਪਟਿਆਲਾ

ਜੇਲ ’ਚ ਬੰਦ ਸਾਥੀਆਂ ਦੀ ਰਿਹਾਈ ਲਈ ਕੰਟਰੈਕਟ ਵਰਕਰਾਂ ਵੱਲੋਂ ਹੜਤਾਲ

ਬੱਸ ਸਰਵਿਸ ਰਹੀ ਪੂਰੀ ਤਰ੍ਹਾਂ ਠੱਪ; ਖ਼ੱਜਲ-ਖੁਆਰ ਹੋਈ ਜਨਤਾ ਨੇ ਪ੍ਰਾਈਵੇਟ ਬੱਸਾਂ ਵੱਲ ਕੀਤਾ ਰੁਖ

ਪਟਿਆਲਾ, 11 ਫਰਵਰੀ : ਜੇਲ੍ਹਾਂ ’ਚ ਬੰਦ ਆਪਣੇ ਸਾਥੀਆਂ ਦੀ ਰਿਹਾਈ ਲਈ ਅੱਜ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਹੜਤਾਲ ਕਾਰਨ ਜਿੱਥੇ ਬੱਸ ਸਰਵਿਸ ਪੂਰੀ ਤਰ੍ਹਾਂ ਠੱਪ ਰਹੀ, ਉੱਥੇ ਹੀ ਬੱਸਾਂ ਨਾ ਚੱਲਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੱਜ ਅਚਾਨਕ ਹੋਈ ਇਸ ਹੜਤਾਲ ਕਾਰਨ ਬਠਿੰਡਾ, ਸੰਗਰੂਰ, ਸਮਾਣਾ, ਪਾਤੜਾਂ, ਅੰਬਾਲਾ, ਕੈਥਲ, ਨਾਭਾ, ਰਾਜਪੁਰਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਰੂਟਾਂ ’ਤੇ ਬੱਸ ਸੇਵਾ ਪ੍ਰਭਾਵਿਤ ਰਹੀ। ਲੋਕਾਂ ਨੂੰ ਮਜਬੂਰਨ ਸਰਕਾਰੀ ਬੱਸਾਂ ਛੱਡ ਕੇ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣਾ ਪਿਆ।

ਜਾਣਕਾਰੀ ਅਨੁਸਾਰ ਇਸ ਹੜਤਾਲ ਨਾਲ ਲਗਭਗ 70 ਫੀਸਦੀ ਬੱਸ ਸਰਵਿਸ ਪ੍ਰਭਾਵਿਤ ਹੋਈ। ਹੜਤਾਲ ਤੋਂ ਬਾਅਦ ਪੀ.ਆਰ.ਟੀ.ਸੀ. ਪ੍ਰਸ਼ਾਸਨ ਹਰਕਤ ’ਚ ਆਇਆ ਅਤੇ ਯੂਨੀਅਨ ਨੂੰ ਮੀਟਿੰਗ ਲਈ ਬੁਲਾਇਆ।

ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਸੈਕਟਰੀ ਟ੍ਰਾਂਸਪੋਰਟ ਨਾਲ ਹੋਈ ਮੀਟਿੰਗ ’ਚ 10 ਕਰਮਚਾਰੀਆਂ ਨੂੰ ਜੇਲ ’ਚੋਂ ਰਿਹਾਅ ਕਰਨ ਦੀ ਮੰਗ ਰੱਖੀ ਗਈ ਸੀ, ਪਰ ਪ੍ਰਸ਼ਾਸਨ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਹੜਤਾਲ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰੱਖੀ ਜਾਵੇਗੀ।

Read More : ਹੋਟਲ ’ਚ ਨਾਬਾਲਿਗ ਕੁੜੀ ਦਾ ਕਤਲ; ਗੁਆਂਢੀ ਨੌਜਵਾਨ ਗ੍ਰਿਫ਼ਤਾਰ

Leave a Reply

Your email address will not be published. Required fields are marked *