Minister Birender Goyal

ਪੰਜਾਬ ਲਈ ਵੱਡੀ ਪ੍ਰਾਪਤੀ : ਫਾਜ਼ਿਲਕਾ ‘ਚ ਜੀ-4 ਪੋਟਾਸ਼ ਖੋਜ ਪ੍ਰੋਜੈਕਟ ਨੂੰ ਮਨਜ਼ੂਰੀ

21 ਮਹੀਨਿਆਂ ‘ਚ ਪੂਰਾ ਹੋਵੇਗਾ ਖੋਜ ਸਰਵੇਖਣ, ਦੇਸ਼ ਦੀ ਖੁਰਾਕ ਸੁਰੱਖਿਆ ਲਈ ਸਾਬਤ ਹੋਵੇਗਾ ਮੀਲ ਦਾ ਪੱਥਰ : ਬਰਿੰਦਰ ਗੋਇਲ

ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਯਤਨਾਂ ਸਦਕਾ ਸੂਬੇ ਦੇ ਖਣਿਜ ਖੇਤਰ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰੀ ਖਾਣਾਂ ਮੰਤਰਾਲੇ ਦੇ ਰਾਸ਼ਟਰੀ ਖਣਿਜ ਖੋਜ ਅਤੇ ਵਿਕਾਸ ਟਰੱਸਟ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਚਾਵੜੀਆਂਵਾਲੀ ਖੇਤਰ ਵਿੱਚ “G-4 ਪੋਟਾਸ਼ ਖੋਜ ਪ੍ਰੋਜੈਕਟ” ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ 9 ਫਰਵਰੀ ਨੂੰ ਹੋਈ ਪ੍ਰੋਜੈਕਟ ਮਨਜ਼ੂਰੀ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਲਿਆ ਗਿਆ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਅਹਿਮ ਖੋਜ ਪ੍ਰੋਜੈਕਟ ‘ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ’ (MECL) ਵੱਲੋਂ ਲਗਭਗ 1903.11 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਹ ਸਰਵੇਖਣ 48.0 ਵਰਗ ਕਿਲੋਮੀਟਰ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਇਸਨੂੰ ਮੁਕੰਮਲ ਕਰਨ ਲਈ 21 ਮਹੀਨਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਪ੍ਰਵਾਨਿਤ ਯੋਜਨਾ ਅਨੁਸਾਰ ਇਸ ਪ੍ਰੋਜੈਕਟ ਨੂੰ ਦੋ ਮੁੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਪੜਾਅ ਵਿੱਚ 3200 ਮੀਟਰ ਦੀ ਗਰਿੱਡ ਸਪੇਸਿੰਗ ‘ਤੇ ਛੇ ਬੋਰਹੋਲ ਡ੍ਰਿਲਿੰਗ ਕੀਤੇ ਜਾਣਗੇ, ਜਿਨ੍ਹਾਂ ਦੀ ਕੁੱਲ ਲੰਬਾਈ 5700 ਮੀਟਰ ਹੋਵੇਗੀ। ਨੌਂ ਮਹੀਨਿਆਂ ਬਾਅਦ ਹੋਣ ਵਾਲੀ ਸਮੀਖਿਆ ਤੋਂ ਬਾਅਦ, ਦੂਜੇ ਪੜਾਅ ਵਿੱਚ 1600 ਮੀਟਰ ਦੀ ਸਪੇਸਿੰਗ ‘ਤੇ ਨੌਂ ਵਾਧੂ ਬੋਰਹੋਲ (ਕੁੱਲ 8550 ਮੀਟਰ) ਡ੍ਰਿਲ ਕੀਤੇ ਜਾਣਗੇ।

ਗੋਇਲ ਨੇ ਦੱਸਿਆ ਕਿ ਭਾਰਤ ਵਰਤਮਾਨ ਵਿੱਚ ਆਪਣੀ ਪੋਟਾਸ਼ ਦੀ 99 ਪ੍ਰਤੀਸ਼ਤ ਜ਼ਰੂਰਤ ਦੂਜੇ ਦੇਸ਼ਾਂ ਤੋਂ ਆਯਾਤ ਕਰਕੇ ਪੂਰੀ ਕਰਦਾ ਹੈ। ਪੰਜਾਬ ਵਿੱਚ ਪੋਟਾਸ਼ ਦੀ ਖੋਜ ਅਤੇ ਮਾਈਨਿੰਗ ਨਾ ਸਿਰਫ਼ ਰਾਸ਼ਟਰੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ, ਸਗੋਂ ਇਹ ਕਿਸਾਨਾਂ ਦੀ ਭਲਾਈ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨਾਲ ਵੀ ਸਿੱਧਾ ਜੁੜਿਆ ਹੋਇਆ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਜਨਵਰੀ ਵਿੱਚ ਗੁਜਰਾਤ ਵਿਖੇ ਹੋਏ ਰਾਸ਼ਟਰੀ ਖਣਿਜ ਚਿੰਤਨ ਸੰਮੇਲਨ ਵਿੱਚ ਉਨ੍ਹਾਂ ਨੇ ਪੰਜਾਬ ਦੇ ਖਣਿਜਾਂ ਦੀ ਪਛਾਣ ਦਾ ਮੁੱਦਾ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ ਸੀ।

ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤੀ ਭੂ-ਵਿਗਿਆਨਕ ਸਰਵੇਖਣ ਨੇ 2026-27 ਦੇ ਫੀਲਡ ਸੀਜ਼ਨ ਦੌਰਾਨ ਫਾਜ਼ਿਲਕਾ ਦੇ ਕੇਰਾ-ਖੇੜਾ, ਸੈਦਵਾਲਾ ਅਤੇ ਕੰਧਵਾਲਾ-ਰਾਮਸਰਾ ਬਲਾਕਾਂ ਵਿੱਚ ਵੀ ਹੋਰ ਸਰਵੇਖਣਾਂ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਇਹ ਸਾਰੇ ਕਾਰਜ ਨਿਰਧਾਰਤ ਸਮੇਂ ਦੇ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਪੰਜਾਬ ਖਣਿਜ ਪਦਾਰਥਾਂ ਦੇ ਖੇਤਰ ਵਿੱਚ ਸਵੈ-ਨਿਰਭਰ ਬਣ ਸਕੇ।

Read More : ਨਸ਼ਿਆਂ ਦਾ ‘ਛੇਵਾਂ ਦਰਿਆ’ ਲਿਆਉਣ ਵਾਲਿਆਂ ਨਾਲ ਸਟੇਜ ਸਾਂਝੀ ਕਰਨਾ ਮੰਦਭਾਗਾ : ਕੁਲਦੀਪ ਧਾਲੀਵਾਲ

Leave a Reply

Your email address will not be published. Required fields are marked *