ਕੁਲਦੀਪ ਧਾਲੀਵਾਲ

ਨਸ਼ਿਆਂ ਦਾ ‘ਛੇਵਾਂ ਦਰਿਆ’ ਲਿਆਉਣ ਵਾਲਿਆਂ ਨਾਲ ਸਟੇਜ ਸਾਂਝੀ ਕਰਨਾ ਮੰਦਭਾਗਾ : ਕੁਲਦੀਪ ਧਾਲੀਵਾਲ

ਪੰਜਾਬ ਦੇ ਲੋਕ ਜਾਣਦੇ ਹਨ ਕਿ ਨਸ਼ਾ ਤਸਕਰਾਂ ਦੀ ਰੱਖਿਆ ਕਿਸਨੇ ਕੀਤੀ ; ਅਪਰਾਧੀਆਂ ਦੇ ਸਿਆਸੀ ਸਰਪ੍ਰਸਤਾਂ ਵਾਲੀ ਮੁਹਿੰਮ ਨੂੰ ਜਨਤਾ ਕਦੇ ਸਵੀਕਾਰ ਨਹੀਂ ਕਰੇਗੀ

ਚੰਡੀਗੜ੍ਹ, 11 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਤੇ ਤਿੱਖਾ ਹਮਲਾ ਬੋਲਿਆ ਹੈ। ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਅਹਿਮ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਰਾਜਪਾਲ ਵੱਲੋਂ ਉਨ੍ਹਾਂ ਸਿਆਸੀ ਚਿਹਰਿਆਂ ਨੂੰ ਆਪਣੇ ਨਾਲ ਖੜ੍ਹਾ ਕਰਨਾ ਨਿੰਦਣਯੋਗ ਹੈ, ਜੋ ਖ਼ੁਦ ਪੰਜਾਬ ਵਿੱਚ ਨਸ਼ਾਖੋਰੀ ਦੇ ਫੈਲਾਅ ਲਈ ਜ਼ਿੰਮੇਵਾਰ ਰਹੇ ਹਨ।

ਸਾਬਕਾ ਸਰਕਾਰਾਂ ਦੇ ਰਾਜ ‘ਤੇ ਨਿਸ਼ਾਨਾ ਧਾਲੀਵਾਲ ਨੇ ਰਾਜਪਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿਸ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਰਗੇ ਆਗੂ ਮੌਜੂਦ ਹਨ, ਉਹ ਨਸ਼ਾ ਖ਼ਤਮ ਕਰਨ ਦੀ ਨਹੀਂ ਸਗੋਂ ਅਪਰਾਧੀਆਂ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਜਾਪਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2007 ਤੋਂ 2017 ਤੱਕ ਦੇ ਉਹ ਸਾਲ ਨਹੀਂ ਭੁੱਲ ਸਕਦੇ, ਜਦੋਂ ਇਨ੍ਹਾਂ ਆਗੂਆਂ ਦੇ ਰਾਜ ਦੌਰਾਨ ਨਸ਼ਿਆਂ ਦਾ “ਛੇਵਾਂ ਦਰਿਆ” ਵਗਿਆ ਸੀ। ਧਾਲੀਵਾਲ ਅਨੁਸਾਰ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਨਸ਼ਾ ਤਸਕਰਾਂ ਨੂੰ ਸਿਆਸੀ ਪਨਾਹ ਦਿੱਤੀ ਅਤੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਸੁੱਟਿਆ।

‘ਆਪ’ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਨਸ਼ਾ ਤਸਕਰਾਂ ਵਿਰੁੱਧ ਫੈਸਲਾਕੁੰਨ ਜੰਗ ਲੜ ਰਹੀ ਹੈ। ਸਾਡੀ ਸਰਕਾਰ ਦੀ ਸਫਲਤਾ ਤੋਂ ਨਿਰਾਸ਼ ਹੋ ਕੇ ਹੀ ਰਾਜਪਾਲ ਨੇ ਆਪਣੀ ਵੱਖਰੀ ਮੁਹਿੰਮ ਸ਼ੁਰੂ ਕੀਤੀ ਹੈ, ਪਰ ਇਸਦੀ ਕਾਰਜਪ੍ਰਣਾਲੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਸੱਚਮੁੱਚ ਗੰਭੀਰ ਹੁੰਦੇ, ਤਾਂ ਉਨ੍ਹਾਂ ਨੂੰ ਉਹ ਵਿਅਕਤੀ ਅਤੇ ਸੰਗਠਨ ਨਾਲ ਲੈਣੇ ਚਾਹੀਦੇ ਸਨ ਜੋ ਸਾਲਾਂ ਤੋਂ ਜ਼ਮੀਨੀ ਪੱਧਰ ‘ਤੇ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਹਨ।

ਕੁਲਦੀਪ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਨਸ਼ਿਆਂ ਵਿਰੁੱਧ ਅਸਲ ਲੜਾਈ ਕਿਸਨੇ ਲੜੀ ਹੈ ਅਤੇ ਤਸਕਰਾਂ ਦੀ ਰੱਖਿਆ ਕਿਸਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਮਿਲ ਕੇ ਚਲਾਈ ਗਈ ਕਿਸੇ ਵੀ ਮੁਹਿੰਮ ਨੂੰ ਕਦੇ ਵੀ ਜਨਤਕ ਸਮਰਥਨ ਨਹੀਂ ਮਿਲੇਗਾ। ‘ਆਪ’ ਸਰਕਾਰ ਆਪਣੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰੱਖੇਗੀ, ਪਰ ਸਿਆਸੀ ਮਿਲੀਭੁਗਤ ਨਾਲ ਆਯੋਜਿਤ ਅਜਿਹੇ ਮਾਰਚਾਂ ਨੂੰ ਪੰਜਾਬ ਦੇ ਲੋਕ ਸਿਰੇ ਤੋਂ ਨਕਾਰ ਦੇਣਗੇ।

Read More : ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ; ਮੁਲਾਜ਼ਮਾਂ ਵੱਲੋਂ ਦੁਪਹਿਰ ਤੋਂ ਹੜਤਾਲ ਦਾ ਐਲਾਨ

Leave a Reply

Your email address will not be published. Required fields are marked *