ਪਾਕਿਸਤਾਨ ਨੇ ਮੈਚ ਦੇ ਬਾਈਕਾਟ ਦਾ ਫੈਸਲਾ ਲਿਆ ਵਾਪਸ
ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਬਣੀ ਸਹਿਮਤੀ
ਨਵੀਂ ਦਿੱਲੀ, 10 ਫਰਵਰੀ : ਟੀ-20 ਵਿਸ਼ਵ ਕੱਪ ਦੇ ਸਭ ਤੋਂ ਵੱਡੇ ਮੁਕਾਬਲੇ ਨੂੰ ਲੈ ਕੇ ਬਣਿਆ ਸਸਪੈਂਸ ਖ਼ਤਮ ਹੋ ਗਿਆ ਹੈ। ਪਾਕਿਸਤਾਨ ਸਰਕਾਰ ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਟੀਮ 15 ਫਰਵਰੀ ਨੂੰ ਭਾਰਤ ਵਿਰੁੱਧ ਹੋਣ ਵਾਲਾ ਮੈਚ ਖੇਡੇਗੀ। ਸੋਮਵਾਰ ਰਾਤ ਨੂੰ ਸਰਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ (ਪਹਿਲਾਂ ਟਵਿੱਟਰ) ਰਾਹੀਂ ਇਸ ਦਾ ਐਲਾਨ ਕੀਤਾ।
ਰਿਪੋਰਟਾਂ ਅਨੁਸਾਰ ਇਸ ਮੈਚ ਨੂੰ ਕਰਵਾਉਣ ਲਈ ਗੁਆਂਢੀ ਮੁਲਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਖੇਡ ਭਾਵਨਾ ਤਹਿਤ ਮੈਚ ਖੇਡਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਨੇ ਵੀ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਮੈਚ ਵਿੱਚ ਸ਼ਾਮਲ ਹੋਣ ਦੀ ਸਿਫਾਰਸ਼ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 1 ਫਰਵਰੀ ਨੂੰ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ। ਪਾਕਿਸਤਾਨ ਦਾ ਇਤਰਾਜ਼ ਟੀ-20 ਵਿਸ਼ਵ ਕੱਪ ਵਿੱਚੋਂ ਬੰਗਲਾਦੇਸ਼ ਦੇ ਬਾਹਰ ਹੋਣ ਦੇ ਤਰੀਕੇ ਨੂੰ ਲੈ ਕੇ ਸੀ। ਹਾਲਾਂਕਿ ਪਾਕਿਸਤਾਨ ਪਹਿਲਾਂ ਹੀ ਟੂਰਨਾਮੈਂਟ ਦੇ ਬਾਕੀ ਮੈਚ ਖੇਡਣ ਲਈ ਸਹਿਮਤ ਹੋ ਗਿਆ ਸੀ ਪਰ ਭਾਰਤ ਵਿਰੁੱਧ ਮੈਚ ‘ਤੇ ਫੈਸਲਾ ਹੁਣ ਲਿਆ ਗਿਆ ਹੈ।
ਸਟੇਡੀਅਮ ਅਤੇ ਤਰੀਕ ਹੁਣ ਇਹ ਤੈਅ ਹੈ ਕਿ ਕ੍ਰਿਕਟ ਪ੍ਰੇਮੀਆਂ ਦਾ ਪਸੰਦੀਦਾ ਮੁਕਾਬਲਾ 15 ਫਰਵਰੀ ਨੂੰ ਸ਼੍ਰੀਲੰਕਾ ਦੇ ਆਰ. ਪ੍ਰੇਮਦਾਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਖ਼ਬਰ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।
Read More : ਟੀ-20 ਵਿਸ਼ਵ ਕੱਪ :ਨਿਊਜ਼ੀਲੈਂਡ ਨੇ ਯੂਏਈ ਨੂੰ 10 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਦੂਜੀ ਜਿੱਤ
