ਟਿਮ ਸੀਫਰਟ ਅਤੇ ਫਿਨ ਐਲਨ ਦੀ ਤੂਫ਼ਾਨੀ ਬੱਲੇਬਾਜ਼ੀ ਅੱਗੇ ਯੂਏਈ ਦੇ ਗੇਂਦਬਾਜ਼ ਬੇਵੱਸ
ਚੇਨਈ, 10 ਫਰਵਰੀ : ਫਿਨ ਐਲਨ ਅਤੇ ਟਿਮ ਸੀਫਰਟ ਦੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਯੂਏਈ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਵਿਸ਼ਵ ਕੱਪ ਵਿੱਚ ਕੀਵੀ ਟੀਮ ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ, ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ) ‘ਤੇ ਜਿੱਤ ਹਾਸਲ ਕਰਕੇ ਨਿਊਜ਼ੀਲੈਂਡ ਨੇ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਪੱਕੀ ਕਰ ਲਈ ਹੈ।
ਚੇਨਈ ਦੇ ਚੇਪੌਕ ਖੇਡ ਮੈਦਾਨ (ਸਟੇਡੀਅਮ) ਵਿੱਚ ਖੇਡੇ ਗਏ ਇਸ ਮੈਚ ਵਿੱਚ ਯੂਏਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਕਪਤਾਨ ਮੁਹੰਮਦ ਵਸੀਮ ਨੇ ਮੋਹਰਿਓਂ ਹੋ ਕੇ ਟੀਮ ਦੀ ਅਗਵਾਈ ਕੀਤੀ ਅਤੇ 45 ਗੇਂਦਾਂ ਵਿੱਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 66 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਅਲੀਸ਼ਾਨ ਸ਼ਰਾਫੂ ਨੇ ਵੀ 55 ਦੌੜਾਂ ਦਾ ਯੋਗਦਾਨ ਪਾਇਆ।
ਕੀਵੀ ਟੀਮ ਵੱਲੋਂ ਗੇਂਦਬਾਜ਼ੀ ਕਰਦਿਆਂ ਮੈਟ ਹੈਨਰੀ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 37 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜੈਕਬ ਡਫੀ, ਲੌਕੀ ਫਰਗੂਸਨ, ਕਪਤਾਨ ਮਿਸ਼ੇਲ ਸੈਂਟਨਰ ਅਤੇ ਗਲੇਨ ਫਿਲਿਪਸ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ। ਸਲਾਮੀ ਬੱਲੇਬਾਜ਼ਾਂ ਨੇ ਵਿਰੋਧੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਬਿਨਾਂ ਕੋਈ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ।
ਟਿਮ ਸੀਫਰਟ: 42 ਗੇਂਦਾਂ ‘ਤੇ ਅਜੇਤੂ 89 ਦੌੜਾਂ (12 ਚੌਕੇ, 3 ਛੱਕੇ)
ਫਿਨ ਐਲਨ: 50 ਗੇਂਦਾਂ ‘ਤੇ ਅਜੇਤੂ 84 ਦੌੜਾਂ (5 ਚੌਕੇ, 5 ਛੱਕੇ)
ਟੁੱਟਿਆ ਭਾਰਤ ਵਿਰੁੱਧ ਬਣਿਆ ਇੰਗਲੈਂਡ ਦਾ ਰਿਕਾਰਡ:
ਇਸ ਮੈਚ ਵਿਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ 175 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ ਵਿਕਟ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਜੋਸ ਬਟਲਰ ਅਤੇ ਐਲੇਕਸ ਹੇਲਸ ਦੇ ਨਾਮ ਸੀ, ਜਿਨ੍ਹਾਂ ਨੇ 2022 ਵਿੱਚ ਭਾਰਤ ਵਿਰੁੱਧ 170 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
Read More : ਦੇਹਰਾਦੂਨ ‘ਚ ਭਿਆਨਕ ਹਾਦਸਾ; ਖੱਡ ਵਿਚ ਗੱਡੀ ਡਿੱਗਣ ਕਾਰਨ 3 ਔਰਤਾਂ ਦੀ ਮੌਤ
