ਅੱਤਵਾਦੀ ਸਾਜ਼ਿਸ਼

ਅੰਮ੍ਰਿਤਸਰ ਵਿਚ ਅੱਤਵਾਦੀ ਸਾਜ਼ਿਸ਼ ਨਾਕਾਮ; ਵਿਸਫੋਟਕ ਯੰਤਰ ਸਮੇਤ ਇਕ ਕਾਬੂ

ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸੀ ਮੁਲਜ਼ਮ ਰਾਹੁਲ ਉਰਫ਼ ਗੱਜੂ, ਪਾਕਿਸਤਾਨ ਤੋਂ ਭੇਜੀ ਗਈ ਸੀ ਖੇਪ : ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ, 10 ਫਰਵਰੀ : ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ (ਆਈ.ਐਸ.ਆਈ.) ਦੀ ਸ਼ਹਿ ਪ੍ਰਾਪਤ ਅੱਤਵਾਦੀ ਸਾਜ਼ਿਸ਼ ਨੂੰ ਫੇਲ੍ਹ ਕਰ ਦਿੱਤਾ ਹੈ। ਅੰਮ੍ਰਿਤਸਰ ਦੀ ਰਾਜ ਵਿਸ਼ੇਸ਼ ਕਾਰਵਾਈ ਇਕਾਈ (SSOC) ਨੇ ਇੱਕ ਮੁਲਜ਼ਮ ਨੂੰ ਸ਼ਕਤੀਸ਼ਾਲੀ ਵਿਸਫੋਟਕ ਯੰਤਰ (ਆਈ.ਈ.ਡੀ.) ਸਮੇਤ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਦੇ ਪੁਲਿਸ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਉਰਫ਼ ਗੱਜੂ ਵਾਸੀ ਚਮਰੰਗ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਰਾਹੁਲ ਸ਼ਹਿਰ ਦੇ ਇੱਕ ਵਾਲ ਕੱਟਣ ਵਾਲੇ ਸੈਲੂਨ ਵਿੱਚ ਸਹਾਇਕ ਵਜੋਂ ਕੰਮ ਕਰਦਾ ਸੀ।

ਵਿਦੇਸ਼ੀ ਸੰਚਾਲਕਾਂ ਨਾਲ ਸਬੰਧ: ਡੀਜੀਪੀ ਮੁਤਾਬਕ, ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਪਾਕਿਸਤਾਨੀ ਆਕਾਵਾਂ ਦੇ ਇਸ਼ਾਰਿਆਂ ‘ਤੇ ਕੰਮ ਕਰਨ ਵਾਲੇ ਇੱਕ ਵਿਦੇਸ਼ੀ ਸੰਚਾਲਕ (ਹੈਂਡਲਰ) ਦੇ ਸੰਪਰਕ ਵਿੱਚ ਸੀ। ਰਾਹੁਲ ਨੇ ਇਸ ਵਿਦੇਸ਼ੀ ਸੰਚਾਲਕ ਦੇ ਨਿਰਦੇਸ਼ਾਂ ‘ਤੇ ਸ਼ਹਿਰ ਦੇ ਬਾਹਰਵਾਰ ਇੱਕ ਮਿੱਥੀ ਹੋਈ ਜਗ੍ਹਾ ਤੋਂ ਵਿਸਫੋਟਕਾਂ ਦੀ ਖੇਪ ਪ੍ਰਾਪਤ ਕੀਤੀ ਸੀ। ਇਸ ਧਮਾਕਾਖੇਜ਼ ਯੰਤਰ ਨੂੰ ਪਲਾਸਟਿਕ ਦੀ ਪਾਈਪ (ਪੀ.ਵੀ.ਸੀ.) ਵਿੱਚ ਬਹੁਤ ਹੀ ਸਾਵਧਾਨੀ ਨਾਲ ਲੁਕਾਇਆ ਗਿਆ ਸੀ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚਿਆ ਜਾ ਸਕੇ।

ਲਾਲਚ ਦੇ ਕੇ ਬਣਾਇਆ ਮੋਹਰਾ: ਇਸ ਸਬੰਧੀ ਵੇਰਵੇ ਦਿੰਦਿਆਂ ਰਾਜ ਵਿਸ਼ੇਸ਼ ਕਾਰਵਾਈ ਇਕਾਈ ਦੇ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਅਧਾਰ ‘ਤੇ ਚਲਾਏ ਗਏ ਆਪਰੇਸ਼ਨ ਦੌਰਾਨ ਸ਼ੱਕੀ ਰਾਹੁਲ ਉਰਫ਼ ਗੱਜੂ ਨੂੰ ਕਾਬੂ ਕੀਤਾ ਗਿਆ।

ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਸਾਲ 2022 ਵਿੱਚ ਆਪਣੇ ਵਿਦੇਸ਼ੀ ਸੰਚਾਲਕ ਦੇ ਪੰਜਾਬ ਦੌਰੇ ਦੌਰਾਨ ਉਸ ਦੇ ਮਿਲੇ ਸੀ। ਉਹ ਇੱਕ ਖ਼ਾਸ ਗੁਪਤ ਮੋਬਾਈਲ ਐਪਲੀਕੇਸ਼ਨ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਸੰਚਾਲਕ ਨੇ ਪਹਿਲਾਂ ਰਾਹੁਲ ਨੂੰ ਛੋਟੀਆਂ-ਛੋਟੀਆਂ ਰਕਮਾਂ ਭੇਜ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਉਸ ਨੂੰ ਅੱਤਵਾਦੀ ਗਤੀਵਿਧੀਆਂ ਲਈ ਵਰਤਣਾ ਸ਼ੁਰੂ ਕੀਤਾ।

ਜਾਂਚ ਜਾਰੀ: ਪੁਲਿਸ ਮੁਖੀ ਨੇ ਦੱਸਿਆ ਕਿ ਇਸ ਵਿਸਫੋਟਕ ਖੇਪ ਦੇ ਅਸਲ ਸਰੋਤਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿਸ਼ੇਸ਼ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Read More : ਈਡੀ ਦੀ ਕਾਰਵਾਈ : ਨੇਚਰ ਹਾਈਟਸ ਇਨਫਰਾ ਦੀਆਂ ₹50 ਕਰੋੜ ਦੀਆਂ ਜਾਇਦਾਦਾਂ ਬੈਂਕਾਂ ਨੂੰ ਵਾਪਸ

Leave a Reply

Your email address will not be published. Required fields are marked *