AAP-Protest

ਚੰਡੀਗੜ੍ਹ ‘ਚ ‘ਆਪ’ ਦਾ ਜ਼ੋਰਦਾਰ ਪ੍ਰਦਰਸ਼ਨ : ਬਾਜਵਾ ਦੀ ਰਿਹਾਇਸ਼ ਦਾ ਘਿਰਾਓ

ਪੁਲਿਸ ਵੱਲੋਂ ਵਾਟਰ ਕੈਨਨ ਦੀ ਵਰਤੋਂ ਅਤੇ ਕਈ ਮੰਤਰੀ ਗ੍ਰਿਫ਼ਤਾਰ

ਚੰਡੀਗੜ੍ਹ, 9 ਫਰਵਰੀ : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ ਚੰਡੀਗੜ੍ਹ ਵਿੱਚ ਕਾਂਗਰਸੀ ਆਗੂਆਂ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨਾਂ ਦੇ ਵਿਰੋਧ ਵਿੱਚ ਕੀਤਾ ਗਿਆ। ‘ਆਪ’ ਵਰਕਰਾਂ ਨੇ ਬੈਂਡ-ਵਾਜਿਆਂ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਿਰਾਓ ਕਰਨ ਲਈ ਕੂਚ ਕੀਤਾ।

ਪੁਲਿਸ ਨਾਲ ਝੜਪ ਅਤੇ ਹਿਰਾਸਤਾਂ: ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਸੈਕਟਰ-4 ਸਥਿਤ ਐਮ.ਐਲ.ਏ. ਹੋਸਟਲ ਦੇ ਬਾਹਰ ਸਖ਼ਤ ਬੈਰੀਕੇਡਿੰਗ ਕੀਤੀ ਸੀ ਅਤੇ ਵਾਟਰ ਕੈਨਨ ਤਾਇਨਾਤ ਕੀਤੇ ਸਨ। ਜਦੋਂ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੇ ਤਾਂ ਪੁਲਿਸ ਨਾਲ ਤਿੱਖੀ ਝੜਪ ਹੋਈ।

ਪੁਲਿਸ ਵੱਲੋਂ ਚਲਾਈਆਂ ਗਈਆਂ ਪਾਣੀ ਦੀਆਂ ਬੌਛਾਰਾਂ ਕਾਰਨ ਕਈ ਵਰਕਰਾਂ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਦੌਰਾਨ ਪੁਲਿਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਤੇ ਹੋਰ ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਦੂਜੇ ਪਾਸੇ, ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ 11 ਫਰਵਰੀ ਦੁਪਹਿਰ 3 ਵਜੇ ਤਲਬ ਕੀਤਾ ਹੈ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਤੋਂ ਇਸ ਸਬੰਧੀ ਜਾਂਚ ਰਿਪੋਰਟ ਮੰਗੀ ਹੈ।

ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਹਰਭਜਨ ਈਟੀਓ ‘ਤੇ ਤਨਜ਼ ਕੱਸਦਿਆਂ ਕਿਹਾ ਸੀ ਕਿ “ਉਹ ਪਹਿਲਾਂ ਬੈਂਡ ਵਜਾਉਂਦਾ ਸੀ, ਪਰ ਹੁਣ ਪੰਜਾਬ ਦਾ ਬੈਂਡ ਵਜਾ ਰਿਹਾ ਹੈ।” ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਸਿੱਧੇ ਤੌਰ ‘ਤੇ ਮੰਤਰੀ ਦੀ ਗਰਦਨ ਮਰੋੜਨ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਵਿੱਚ ਸਿਰਫ਼ 3 ਮਿੰਟ ਲੱਗਦੇ ਹਨ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਨੇ ਨਾ ਡਰਨ ਦੀ ਸਿੱਖਿਆ ਦਿੱਤੀ ਹੈ।

ਇਨ੍ਹਾਂ ਬਿਆਨਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜੋ ਲੋਕ ਕਲਰਕ ਦੀ ਨੌਕਰੀ ਦੇ ਕਾਬਿਲ ਨਹੀਂ ਸਨ, ਉਹ ਅੱਜ ਕਾਂਗਰਸ ਵਿੱਚ ਵੱਡੇ ਸਿਆਸਤਦਾਨ ਬਣੇ ਬੈਠੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਆਪ’ ਦਾ ਹਰ ਆਗੂ ਕੋਈ ਨਾ ਕੋਈ ਸਨਮਾਨਜਨਕ ਕਾਰੋਬਾਰ ਜਾਂ ਸਰਕਾਰੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆਇਆ ਹੈ, ਉਹ ਕੋਈ ਵਿਹਲੇ ਲੋਕ ਨਹੀਂ ਹਨ।

Read More : ਫਿਲੌਰ ਵਿਚ ਗੁਰਦੁਆਰਾ ਸਾਹਿਬ ਵਿਖੇ ਲੱਗੀ ਅੱਗ, ਪਾਵਨ ਸਰੂਪ ਅਗਨ ਭੇਂਟ

Leave a Reply

Your email address will not be published. Required fields are marked *