6 ਪਿਸਤੌਲ, ਹੈਰੋਇਨ ਤੇ ਡਰੱਗ ਮਨੀ ਬਰਾਮਦ
ਅੰਮ੍ਰਿਤਸਰ, 9 ਫਰਵਰੀ : ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਵਿੱਢੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਸਰਹੱਦ ਪਾਰ ਦੇ ਹਥਿਆਰ ਅਤੇ ਨਸ਼ਾ ਸਮੱਗਲਿੰਗ ਮਾਡਿਊਲ ਦੇ 5 ਕਾਰਕੁੰਨਾਂ ਨੂੰ 6 ਆਧੁਨਿਕ ਪਿਸਤੌਲ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ੁਲਾਸਾ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਸਮੱਗਲਿੰਗ ਨੈੱਟਵਰਕ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ ਅਤੇ ਡਰੋਨ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਸਿੰਘ ਮੰਨੂ, ਗੁਰਪ੍ਰੀਤ ਸਿੰਘ ਗੋਪੀ, ਸੁਖਰਾਜ ਸਿੰਘ ਜੋਗਾ, ਸਾਜਨ ਸਿੰਘ ਲੱਡਾ (ਸਾਰੇ ਵਾਸੀ ਪਿੰਡ ਰੋਡਾ ਵਾਲਾ ਕਲਾਂ) ਅਤੇ ਮੋਲਕਦੀਪ ਸਿੰਘ (ਵਾਸੀ ਪਿੰਡ ਰਣੀਕੇ) ਵਜੋਂ ਹੋਈ ਹੈ।
ਬਰਾਮਦ ਕੀਤੇ ਹਥਿਆਰਾਂ ’ਚ ਆਸਟਰੀਆ ਦੇ ਬਣੇ ਦੋ 9 ਐੱਮ.ਐੱਮ. ਗਲੌਕ ਪਿਸਤੌਲ, ਤੁਰਕੀ ਦਾ ਬਣਿਆ ਇਕ ਜ਼ਿਗਾਨਾ, ਦੋ .32 ਬੋਰ ਅਤੇ ਇਕ .30 ਬੋਰ ਦੇ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਦੀ ਕਰੇਟਾ ਕਾਰ ਵੀ ਜ਼ਬਤ ਕੀਤੀ ਹੈ, ਜਿਸ ਦੀ ਵਰਤੋਂ ਉਹ ਸਮੱਗਲਿੰਗ ਲਈ ਕਰਦੇ ਸਨ। ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Read More : ਮੈਡੀਕਲ ਸਟੋਰ ਮਾਲਕ ਦਾ ਕਤਲ ਕਰਨ ਵਾਲਾ ਸ਼ੂਟਰ ਪੁਲਸ ਮੁਕਾਬਲੇ ਦੌਰਾਨ ਜ਼ਖ਼ਮੀ
