ਡੇਰਾ ਬਾਬਾ ਨਾਨਕ ਪੁਲਸ ਦੀ ਵੱਡੀ ਕਾਰਵਾਈ; ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ’ਤੇ ਹੋਇਆ ਸੀ ਕਤਲ
ਬਟਾਲਾ, 9 ਫਰਵਰੀ : ਡੇਰਾ ਬਾਬਾ ਨਾਨਕ ਦੇ ਪਿੰਡ ਖੰਨਾ ਚਮਾਰਾ ਵਿਖੇ ਅੱਜ ਦੇਰ ਸ਼ਾਮ ਪੁਲਸ ਅਤੇ ਅਪਰਾਧੀਆਂ ਵਿਚਾਲੇ ਹੋਈ ਇਕ ਮੁੱਠਭੇੜ ਦੌਰਾਨ ਬੇਦੀ ਮੈਡੀਕਲ ਸਟੋਰ ਦੇ ਮਾਲਕ ’ਤੇ ਗੋਲੀ ਚਲਾਉਣ ਵਾਲਾ ਮੁੱਖ ਸ਼ੂਟਰ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ’ਚੋਂ ਗੈਂਗਸਟਰਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ‘ਆਪ੍ਰੇਸ਼ਨ ਪ੍ਰਹਾਰ-2’ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਪੁਲਸ ਵੱਲੋਂ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ।
ਡੀ.ਆਈ.ਜੀ. ਗੋਇਲ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਡੇਰਾ ਬਾਬਾ ਨਾਨਕ ’ਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਰਣਦੀਪ ਸਿੰਘ ਬੇਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਪੁਲਸ ਨੇ ਕਾਰਵਾਈ ਕਰਦਿਆਂ ਪ੍ਰਦੀਪ ਸੋਨੀ, ਦਿਲਪ੍ਰੀਤ ਸੋਨੀ (ਵਾਸੀ ਕੋਟਲੀ ਸੂਰਤ ਮੱਲੀ) ਅਤੇ ਨਿਸ਼ਾਨ ਸਿੰਘ ਤੇ ਸੌਰਵ (ਵਾਸੀ ਪਿੰਡ ਕੋਟਲੀ ਅੰਬ, ਅਜਨਾਲਾ) ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਮੁਲਜ਼ਮ ਨਿਸ਼ਾਨ ਸਿੰਘ ਨੇ ਦੱਸਿਆ ਸੀ ਕਿ ਉਸ ਨੇ ਕਤਲ ’ਚ ਵਰਤਿਆ ਇਕ ਪਿਸਤੌਲ ਪਿੰਡ ਖੰਨਾ ਚਮਾਰਾ ’ਚ ਲੁਕਾ ਕੇ ਰੱਖਿਆ ਹੋਇਆ ਹੈ। ਜਦੋਂ ਪੁਲਸ ਪਾਰਟੀ ਉਸ ਨੂੰ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਗਈ, ਤਾਂ ਉਸ ਨੇ ਲੁਕਾਏ ਹੋਏ ਪਿਸਤੌਲ ਨਾਲ ਪੁਲਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ’ਚ ਨਿਸ਼ਾਨ ਸਿੰਘ ਦੀ ਲੱਤ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਦੇਸ਼ ’ਚ ਬੈਠੇ ਇਕ ਗੈਂਗਸਟਰ ਵੱਲੋਂ ਰਣਦੀਪ ਬੇਦੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਮਿਲਣ ਕਾਰਨ ਇਹ ਕਤਲ ਕਰਵਾਇਆ ਗਿਆ। ਡੀ.ਆਈ.ਜੀ. ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਅਨਸਰਾਂ ਦੇ ਝਾਂਸੇ ’ਚ ਨਾ ਆਉਣ
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ’ਚ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਐੱਸ.ਐੱਸ.ਪੀ. ਮਹਿਤਾਬ ਸਿੰਘ, ਐੱਸ.ਪੀ.(ਡੀ) ਸੰਦੀਪ ਵਡੇਹਰਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Read More : ਵਿਜੀਲੈਂਸ ਬਿਊਰੋ ਵੱਲੋਂ ਜਨਵਰੀ ਦੌਰਾਨ ਰਿਸ਼ਵਤਖੋਰੀ ਦੇ 8 ਮਾਮਲਿਆਂ ’ਚ 11 ਵਿਅਕਤੀ ਕਾਬੂ
