ਕਿਹਾ-ਵਿਦੇਸ਼ੀ ਫ਼ਸਲਾਂ ਦੇ ਦੇਸ਼ ’ਚ ਆਉਣ ਨਾਲ ਕਿਸਾਨਾਂ ਦੀ ਹੋਵੇਗੀ ਤਬਾਹੀ
ਚੰਡੀਗੜ੍ਹ, 9 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਦੀ ਖ਼ੁਰਾਕ ਦੇ ਨਾਂ ’ਤੇ ਅਮਰੀਕੀ ਮੱਕੀ, ਸੋਇਆਬੀਨ ਅਤੇ ਜਵਾਰ ਵਰਗੇ ਭਾਰੀ ਸਬਸਿਡੀ ਵਾਲੇ ਖੇਤੀਬਾੜੀ ਸਾਮਾਨ ਸਮੇਤ ਸੇਬ ਤੇ ਸੰਤਰੇ ਵਰਗੇ ਤਾਜ਼ੇ ਫ਼ਲਾਂ ਨੂੰ ਦੇਸ਼ ’ਚ ਆਉਣ ਦੇਣਾ ਸਾਡੇ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣੇਗਾ।
ਬੀਬਾ ਬਾਦਲ ਨੇ ਕਿਹਾ ਕਿ ਇਹ ਹੋਰ ਵੀ ਮੰਦਭਾਗਾ ਹੈ ਕਿ ਵਿਰੋਧੀ ਧਿਰ ਨੂੰ ਸੰਸਦ ’ਚ ਇਸ ਅਹਿਮ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਪਿਛਲੇ ਅਠਾਰਾਂ ਸਾਲਾਂ ਦੌਰਾਨ ਅਜਿਹੀ ਸਥਿਤੀ ਕਦੇ ਨਹੀਂ ਹੋਈ। ਸੰਸਦ ਮੈਂਬਰਾਂ ਨੂੰ ਵੀ ਲੋਕਾਂ ਦੁਆਰਾ ਚੁਣ ਕੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਇਸ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ।
ਉਨ੍ਹਾਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਵਿਰੋਧੀ ਧਿਰ ਦੀ ਗੱਲ ਸੁਣਨੀ ਹੀ ਨਹੀਂ ਹੈ, ਤਾਂ ਰਾਸ਼ਟਰਪਤੀ ਦੇ ਭਾਸ਼ਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਅਜਿਹੇ ਸਮਝੌਤਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਜਾਵੇ।
Read More : ਵਿਜੀਲੈਂਸ ਬਿਊਰੋ ਨੇ ਏ.ਐੱਸ.ਆਈ. ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
