ਸੰਸਦ ਸੈਸ਼ਨ ਦੌਰਾਨ ਸਦਨ ਤੋਂ ਬਾਹਰ ਨੀਤੀਗਤ ਜਾਣਕਾਰੀ ਸਾਂਝੀ ਕਰਨ ਦਾ ਲੱਗਾ ਇਲਜ਼ਾਮ
ਨਵੀਂ ਦਿੱਲੀ, 9 ਫਰਵਰੀ– ਰਾਜ ਸਭਾ ’ਚ ਸੋਮਵਾਰ ਨੂੰ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐੱਮ.ਕੇ.) ਦੇ ਮੈਂਬਰ ਤਿਰੂਚੀ ਸ਼ਿਵਾ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੇ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦਿੱਤਾ ਹੈ। ਸ਼ਿਵਾ ਨੇ ਇਲਜ਼ਾਮ ਲਾਇਆ ਕਿ ਮੰਤਰੀ ਨੇ ਮੌਜੂਦਾ ਸੰਸਦ ਸੈਸ਼ਨ ਦੇ ਚੱਲਦਿਆਂ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦਾ ਵੇਰਵਾ ਸਦਨ ਤੋਂ ਬਾਹਰ ਸਾਂਝਾ ਕੀਤਾ ਹੈ, ਜੋ ਕਿ ਸੰਸਦੀ ਮਰਯਾਦਾ ਦੀ ਉਲੰਘਣਾ ਹੈ।
ਉੱਚ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਇਹ ਮੁੱਦਾ ਉਠਾਉਂਦਿਆਂ ਤਿਰੂਚੀ ਸ਼ਿਵਾ ਨੇ ਕਿਹਾ ਕਿ ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਸਰਕਾਰ ਦੇ ਕਿਸੇ ਵੀ ਨੀਤੀਗਤ ਫ਼ੈਸਲੇ ਨਾਲ ਜੁੜੀ ਜਾਣਕਾਰੀ ਸਭ ਤੋਂ ਪਹਿਲਾਂ ਸਦਨ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਦਨ ਨੂੰ ਭਰੋਸੇ ’ਚ ਲਏ ਬਿਨਾਂ ਬਾਹਰ ਅਜਿਹੀ ਜਾਣਕਾਰੀ ਦੇਣੀ ਵਿਸ਼ੇਸ਼ ਅਧਿਕਾਰ ਦੀ ਸਿੱਧੀ ਉਲੰਘਣਾ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀ ਸ਼ਿਵਾ ਦੇ ਇਸ ਨੋਟਿਸ ਦਾ ਸਮਰਥਨ ਕੀਤਾ।
ਇਸ ਮਾਮਲੇ ’ਤੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਹ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਦੇਖਣਗੇ। ਉਨ੍ਹਾਂ ਦੱਸਿਆ ਕਿ ਗੋਇਲ ਨੇ ਸਦਨ ’ਚ ਆਪਣਾ ਬਿਆਨ ਦੇ ਦਿੱਤਾ ਹੈ ਅਤੇ ਹੁਣ ਇਸ ’ਤੇ ਵਿਚਾਰ ਕੀਤਾ ਜਾਵੇਗਾ। ਹਾਲਾਂਕਿ, ਇਸ ਮੁੱਦੇ ’ਤੇ ਵਿਰੋਧੀ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ, ਪਰ ਬਾਅਦ ’ਚ ਸਿਫ਼ਰ ਕਾਲ ਦੇ ਤਹਿਤ ਮੈਂਬਰਾਂ ਨੇ ਆਪਣੇ ਹੋਰ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ।
Read More : ਰੇਲ ਮੰਤਰਾਲੇ ਨੇ 411.96 ਕਰੋੜ ਦੀ ਲਾਗਤ ਵਾਲੀ ਰਾਜਪੁਰਾ ਬਾਈਪਾਸ ਲਾਈਨ ਨੂੰ ਦਿੱਤੀ ਮਨਜ਼ੂਰੀ
