ਅੰਬਾਲਾ-ਜਲੰਧਰ ਟਰੈਕ ’ਤੇ ਭੀੜ ਘਟਾਉਣ ਲਈ 13.46 ਕਿਲੋਮੀਟਰ ਲੰਬੀ ਬਣੇਗੀ ਨਵੀਂ ਲਾਈਨ
ਪਟਿਆਲਾ, 9 ਫਰਵਰੀ – ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰੇਲ ਮੰਤਰਾਲੇ ਨੇ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਅਧਿਕਾਰਕ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ, ਜਿਸ ਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਹਰੀ ਝੰਡੀ ਮਿਲੀ ਹੈ।
ਇਸ ਪ੍ਰਾਜੈਕਟ ਤਹਿਤ ਨਿਊ ਸ਼ੰਭੂ ਸਮਰਪਿਤ ਮਾਲ ਗਲਿਆਰਾ (ਡੀ.ਐੱਫ.ਸੀ.) ਸਟੇਸ਼ਨ ਨੂੰ ਮੌਜੂਦਾ ਰਾਜਪੁਰਾ-ਬਠਿੰਡਾ ਲਾਈਨ ਦੇ ਕੌਲੀ ਸਟੇਸ਼ਨ ਨਾਲ ਜੋੜਨ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਬਣਾਈ ਜਾਵੇਗੀ। ਰਵਨੀਤ ਬਿੱਟੂ ਨੇ ਕਿਹਾ ਕਿ ਅੰਬਾਲਾ-ਜਲੰਧਰ ਟਰੈਕ ਉੱਤਰੀ ਰੇਲਵੇ ਦੇ ਸਭ ਤੋਂ ਵੱਧ ਰੁਝੇਵਿਆਂ ਭਰੇ ਕਾਰੀਡੋਰਾਂ ’ਚੋਂ ਇਕ ਹੈ। ਜੇਕਰ ਸਮੇਂ ਸਿਰ ਦਖ਼ਲ ਨਾ ਦਿੱਤਾ ਜਾਂਦਾ ਤਾਂ 2030-31 ਤੱਕ ਇਸ ਖੇਤਰ ’ਚ ਲਾਈਨ ਸਮਰੱਥਾ ਦੀ ਵਰਤੋਂ 165 ਫ਼ੀਸਦੀ ਤੋਂ ਵੱਧ ਹੋਣ ਦੀ ਸੰਭਾਵਨਾ ਸੀ।
ਨਵੀਂ ਬਾਈਪਾਸ ਲਾਈਨ ਰੇਲਗੱਡੀਆਂ ਨੂੰ ਸਿੱਧੀ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਉਹ ਰਾਜਪੁਰਾ ਯਾਰਡ ਦੀ ਭੀੜ ਤੋਂ ਬਚ ਸਕਣਗੀਆਂ। ਇਸ ਨਾਲ ਮਾਲ ਅਤੇ ਯਾਤਰੀ ਗੱਡੀਆਂ ਦੀ ਆਵਾਜਾਈ ਹੋਰ ਸੁਚਾਰੂ ਤੇ ਤੇਜ਼ ਹੋਵੇਗੀ। ਨਿਊ ਸ਼ੰਭੂ ਵਿਖੇ ਸਮਰਪਿਤ ਮਾਲ ਗਲਿਆਰੇ ਨਾਲ ਸਿੱਧੀ ਕਨੈਕਟੀਵਿਟੀ ਮਾਲ ਆਵਾਜਾਈ ਦੀ ਗਤੀ ’ਚ ਵੀ ਮਹੱਤਵਪੂਰਨ ਵਾਧਾ ਕਰੇਗੀ।
Read More : ਪ੍ਰਧਾਨ ਮੰਤਰੀ ਸਦਨ ’ਚ ਆਉਣ ਤੋਂ ਡਰੇ ਹੋਏ ਹਨ : ਰਾਹੁਲ ਗਾਂਧੀ
