ਐੱਸ.ਐੱਸ.ਓ.ਸੀ. ਨੇ ਅਜਨਾਲਾ ਸੈਕਟਰ ਦੇ ਕਿਸਾਨ ਨੂੰ ਦਬੋਚਿਆ; ਪਿਛਲੇ ਇਕ ਸਾਲ ਤੋਂ ਆਈ.ਐੱਸ.ਆਈ. ਦੇ ਸੰਪਰਕ ’ਚ ਸੀ ਮੁਲਜ਼ਮ
ਅੰਮ੍ਰਿਤਸਰ, 8 ਫਰਵਰੀ: ਪੰਜਾਬ ਪੁਲਸ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਦੇਰ ਰਾਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਨੂੰ ਭਾਰਤੀ ਸੈਨਾ ਦੀਆਂ ਗੁਪਤ ਜਾਣਕਾਰੀਆਂ ਭੇਜਣ ਵਾਲੇ ਇਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਅਗਲੇਰੀ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਆਈ.ਐੱਸ.ਆਈ. ਨਾਲ ਸੰਪਰਕ ਅਤੇ ਕਾਰਜ ਪ੍ਰਣਾਲੀ ਮੁੱਢਲੀ ਜਾਂਚ ਵਿੱਚ ਇਹ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ ਕਿ ਹਰਪਾਲ ਸਿੰਘ ਪਿਛਲੇ ਇਕ ਸਾਲ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ (ISI) ਦੇ ਸਿੱਧੇ ਸੰਪਰਕ ਵਿੱਚ ਸੀ। ਮੁਲਜ਼ਮ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਕਿਸਾਨ ਹੈ। ਸਰਹੱਦੀ ਖੇਤਰ ਦਾ ਹੋਣ ਕਾਰਨ ਉਹ ਸੈਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਸਰਹੱਦ ਪਾਰ ਭੇਜਦਾ ਸੀ।
ਮੋਬਾਈਲ ਅਤੇ ਸੀ.ਡੀ. ਦੀ ਹੋ ਰਹੀ ਜਾਂਚ ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇਕ ਮੋਬਾਈਲ ਫ਼ੋਨ ਅਤੇ ਕੁਝ ਸੀ.ਡੀਜ਼ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਫ਼ੋਨ ਵਿੱਚ ਸੈਨਾ ਦੇ ਅਹਿਮ ਟਿਕਾਣਿਆਂ ਦੀਆਂ ਤਸਵੀਰਾਂ ਅਤੇ ਨਕਸ਼ੇ ਹੋ ਸਕਦੇ ਹਨ।
ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਜਾਸੂਸੀ ਨੈੱਟਵਰਕ ਵਿੱਚ ਹਰਪਾਲ ਸਿੰਘ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਉਸ ਨੂੰ ਜਾਣਕਾਰੀਆਂ ਬਦਲੇ ਕਿੰਨੀ ਰਕਮ ਮਿਲਦੀ ਸੀ।
Read More : ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਸਰਹੱਦ ’ਤੇ ਸੰਗਤ ਵੱਲੋਂ ਅਰਦਾਸ ; ਬੀ.ਐੱਸ.ਐੱਫ. ਨਾਲ ਹੋਈ ਬਹਿਸ
