ਮੋਗਾ

ਮਹਿਣਾ ’ਚ ਭਾਈਚਾਰਕ ਸਾਂਝ ਦੀ ਮਿਸਾਲ : 7 ਦਹਾਕਿਆਂ ਮਗਰੋਂ ਕਬਰਿਸਤਾਨ ਲਈ ਮਿਲਿਆ ਰਸਤਾ

ਸਿੱਖ ਪਰਿਵਾਰ ਨੇ ਕਬਰਿਸਤਾਨ ਲਈ ਜ਼ਮੀਨ ਕੀਤੀ ਦਾਨ

ਮੋਗਾ, 8 ਫਰਵਰੀ: ਮੋਗਾ ਜ਼ਿਲੇ ਦੇ ਪਿੰਡ ਮਹਿਣਾ ਵਿਖੇ ਮਾਨਵਤਾ ਅਤੇ ਆਪਸੀ ਸਾਂਝ ਦੀ ਇਕ ਬੇਮਿਸਾਲ ਉਦਾਹਰਣ ਦੇਖਣ ਨੂੰ ਮਿਲੀ ਹੈ। ਪਿਛਲੇ ਸੱਤ ਦਹਾਕਿਆਂ ਤੋਂ ਪਿੰਡ ਦੇ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਤੱਕ ਜਾਣ ਲਈ ਕੋਈ ਰਸਤਾ ਨਸੀਬ ਨਹੀਂ ਸੀ। ਇਹ ਗੰਭੀਰ ਮਸਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ 25 ਜਨਵਰੀ ਨੂੰ ਪਿੰਡ ਦੀ ਬਜ਼ੁਰਗ ਮੁਸਲਿਮ ਮਹਿਲਾ ਰੱਜੋ ਦੀ ਮੌਤ ਹੋ ਗਈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਕਬਰਿਸਤਾਨ ਲਿਜਾਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਮੀਡੀਆ ਰਾਹੀਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਪੰਚ ਅਮਨਦੀਪ ਸਿੰਘ ਭੀਮਾ ਨੇ ਪਹਿਲਕਦਮੀ ਕੀਤੀ। ਉਨ੍ਹਾਂ ਨੇ ਰਸਤੇ ਲਈ ਬਣਦੀ ਜ਼ਮੀਨ ਦੇ ਮਾਲਕ ਜਗਦੀਸ਼ ਸਿੰਘ ਅਤੇ ਉਨ੍ਹਾਂ ਦੇ ਭਤੀਜਿਆਂ ਸ਼ਮਸ਼ੇਰ ਸਿੰਘ ਤੇ ਰਾਜਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ। ਪਿੰਡ ਦੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਇਸ ਸਿੱਖ ਪਰਿਵਾਰ ਨੇ ਵੱਡਾ ਦਿਲ ਦਿਖਾਇਆ ਅਤੇ ਰਸਤੇ ਲਈ ਲੋੜੀਂਦੀ ਜ਼ਮੀਨ ਦਾਨ ਕਰਨ ਦਾ ਐਲਾਨ ਕਰ ਦਿੱਤਾ।

ਸਰਪੰਚ ਭੀਮਾ ਨੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਕਬਰਿਸਤਾਨ ਲਈ ਪੱਕਾ ਰਸਤਾ ਤਿਆਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੀ ਏਕਤਾ ਕਾਇਮ ਰੱਖਣ ਲਈ ਪੰਚਾਇਤ ਵਚਨਬੱਧ ਹੈ। ਇਸ ਸਾਰਥਕ ਕਦਮ ਦੀ ਪੂਰੇ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ।

Read More : ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਜਿੱਤ ਨਾਲ ਕੀਤੀ ਆਪਣੀ ਮੁਹਿੰਮ ਦੀ ਸ਼ੁਰੂਆਤ

Leave a Reply

Your email address will not be published. Required fields are marked *