ਪਦਮਸ੍ਰੀ ਸ਼ੰਟੀ

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਪਦਮਸ੍ਰੀ ਸ਼ੰਟੀ

ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਜ਼ਿਲਾ ਅਧਿਕਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ

ਗੁਰਦਾਸਪੁਰ, 8 ਫਰਵਰੀ : ਪੰਜਾਬ ਰਾਜ ਹਿਊਮਨ ਰਾਈਟਸ ਕਮਿਸ਼ਨ (ਮਨੁੱਖੀ ਅਧਿਕਾਰ ਕਮਿਸ਼ਨ) ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਅੱਜ ਗੁਰਦਾਸਪੁਰ ਪਹੁੰਚੇ। ਉਨ੍ਹਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਡਿਪਟੀ ਕਮਿਸ਼ਨਰ, ਸਿਵਲ ਤੇ ਪੁਲਸ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਂ-ਸਰਪੰਚਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸ੍ਰੀ ਸ਼ੰਟੀ ਨੇ ਸਪੱਸ਼ਟ ਕੀਤਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਪ੍ਰਾਪਤ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਕਈ ਅਹਿਮ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ।

ਇਕ ਅਹਿਮ ਫੈਸਲੇ ਤਹਿਤ ਹੁਣ ਕੋਈ ਵੀ ਹਸਪਤਾਲ ਬਿੱਲ ਨਾ ਭਰਨ ਦੇ ਬਹਾਨੇ ਮਰੀਜ਼ ਦੀ ਲਾਸ਼ ਨੂੰ ਰੋਕ ਕੇ ਨਹੀਂ ਰੱਖ ਸਕੇਗਾ ਅਤੇ ਲਾਸ਼ ਪਰਿਵਾਰ ਨੂੰ ਸੌਂਪਣੀ ਲਾਜ਼ਮੀ ਹੋਵੇਗੀ। ਇਸੇ ਤਰ੍ਹਾਂ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਠੇਕੇਦਾਰਾਂ ਨੂੰ ਉਨ੍ਹਾਂ ਨੂੰ ਦਸਤਾਨੇ, ਮਾਸਕ ਅਤੇ ਬੀਮਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜਲਦ ਹੀ ‘ਐਮਰਜੰਸੀ ਪਾਇਲਟ ਐਂਬੂਲੈਂਸ’ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 112 ਨੰਬਰ ਡਾਇਲ ਕਰਨ ’ਤੇ ਪੀ.ਸੀ.ਆਰ. ਦੀ ਪਾਇਲਟ ਗੱਡੀ ਐਂਬੂਲੈਂਸ ਦੇ ਅੱਗੇ ਚੱਲੇਗੀ ਤਾਂ ਜੋ ਮਰੀਜ਼ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾ ਸਕੇ।

ਕਮਿਸ਼ਨ ਵੱਲੋਂ ਹਰ ਜ਼ਿਲੇ ਵਿੱਚ 15 ਗੈਰ-ਸਿਆਸੀ ਵਿਅਕਤੀਆਂ ਦਾ ‘ਕੋਰ ਗਰੁੱਪ’ ਬਣਾਇਆ ਜਾ ਰਿਹਾ ਹੈ, ਜੋ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਸ਼ਿਕਾਇਤਾਂ ਕਮਿਸ਼ਨ ਤੱਕ ਪਹੁੰਚਾਉਣਗੇ। ਇਸ ਲਈ 19 ਫਰਵਰੀ ਤੱਕ ਬਿਨੈ-ਪੱਤਰ ਦਿੱਤੇ ਜਾ ਸਕਦੇ ਹਨ ਅਤੇ 28 ਫਰਵਰੀ ਨੂੰ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ਿਕਾਇਤ ਲਈ ਵਟਸਐੱਪ ਨੰਬਰ 98554-75547 ’ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ’ਤੇ ਦੋ ਦਿਨਾਂ ਦੇ ਅੰਦਰ ਕਾਰਵਾਈ ਹੋਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕਮਿਸ਼ਨ ਨੂੰ ਯਕੀਨ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਮਨੁੱਖੀ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਸਹਾਇਕ ਕਮਿਸ਼ਨਰ ਆਦਿਤਿਆ ਗੁਪਤਾ, ਜੁਗਰਾਜ ਸਿੰਘ ਐੱਸ.ਪੀ. (ਐੱਚ), ਐੱਸ.ਡੀ.ਐੱਮ. ਬਟਾਲਾ ਗੁਰਮੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Read More : ਧੁੰਦ ਕਾਰਨ ਖੱਡੇ ’ਚ ਪਲਟਿਆ ਆਟੋ, 3 ਮਾਸੂਮ ਬੱਚਿਆਂ ਸਮੇਤ 4 ਦੀ ਮੌਤ

Leave a Reply

Your email address will not be published. Required fields are marked *