8 ਸਾਲ ਬਾਅਦ ਵਿਦੇਸ਼ ਗਰੀਸ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਮੁਲਜ਼ਮ
ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨਵਾਂ ਬਹਾਦਰ ’ਚ ਇਕ ਐੱਨ. ਆਰ. ਆਈ. ਵਿਅਕਤੀ ਨੇ ਮਾਮੂਲੀ ਗੱਲਬਾਤ ਤੋਂ ਬਾਅਦ ਇਕ ਔਰਤ ਦਾ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਪਿੰਡ ਨਵਾਂ ਬਹਾਦਰ ਦੇ ਰਹਿਣ ਵਾਲੇ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਕਿ ਉਸਦੀ ਪਤਨੀ ਸਲਿੰਦਰ ਕੌਰ (48) ਨਾਲ ਕੁਝ ਦਿਨ ਪਹਿਲਾ ਪਿੰਡ ਦੇ ਹੀ ਇਕ ਐੱਨ. ਆਰ. ਆਈ. ਨਰਿੰਜਣ ਸਿੰਘ ਪੁੱਤਰ ਚਰਨ ਸਿੰਘ ਵੱਲੋਂ ਮਾਖੌਲਬਾਜ਼ੀ ਕੀਤੀ ਗਈ ਸੀ, ਜਿਸ ਦਾ ਸਲਿੰਦਰ ਕੌਰ ਨੇ ਵਿਰੋਧ ਕੀਤਾ ਸੀ। ਇਸੇ ਰੰਜਿਸ਼ ਤਹਿਤ ਨਰਿੰਜਣ ਸਿੰਘ ਨੇ ਬੀਤੀ ਰਾਤ ਗੁਆਂਢ ਦੀ ਇਕ ਹਵੇਲੀ ’ਚ ਗਏ ਪਤੀ-ਪਤਨੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਤਨੀ ਹਵੇਲੀ ਤੋਂ ਬਾਹਰ ਆਈ ਤਾਂ ਉਸਨੂੰ ਗਲੀ ’ਚ ਚਾਕੂ ਨਾਲ ਤਿੰਨ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜ਼ਖ਼ਮੀ ਔਰਤ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਰਾਣਾ ਸ਼ਾਲਾ ਪੁਲਸ ਨੇ ਇਸ ਸਬੰਧੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਮੁਲਜ਼ਮ ਨਰਿੰਜਣ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਐੱਨ. ਆਰ. ਆਈ. ਨਰਿੰਜਣ ਸਿੰਘ 8 ਸਾਲਾਂ ਬਾਅਦ ਵਿਦੇਸ਼ ਗਰੀਸ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ ਅਤੇ ਉਸ ਨੇ ਆਉਂਦੇ ਹੀ ਇਕ ਔਰਤ ਦਾ ਮਾਮੂਲੀ ਗੱਲਬਾਤ ਨੂੰ ਲੈ ਕੇ ਚਾਕੂ ਮਾਰ ਕੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
