ਪੁਲਸ ਦੀ ਲਾਪ੍ਰਵਾਹੀ ਖ਼ਿਲਾਫ਼ ਹਾਈਵੇਅ ਜਾਮ ਹੋਣ ਮਗਰੋਂ ਹਰਕਤ ’ਚ ਆਇਆ ਪ੍ਰਸ਼ਾਸਨ
ਲੁਧਿਆਣਾ, 7 ਫਰਵਰੀ : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪਿੰਡ ਬਹਾਦਰਕੇ ਦੀ ਗਰੇਵਾਲ ਕਾਲੋਨੀ ’ਚ ਰਹਿਣ ਵਾਲੇ 8 ਸਾਲਾ ਬੱਚੇ ਦੀ 3 ਦਿਨਾਂ ਬਾਅਦ ਭੇਦਭਰੀ ਹਾਲਤ ’ਚ ਲਾਸ਼ ਬਰਾਮਦ ਹੋਈ ਹੈ। ਪਹਿਲਾਂ ਪੁਲਸ ਦੀ ਕਥਿਤ ਸੁਸਤੀ ਕਾਰਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਲੰਧਰ ਬਾਈਪਾਸ ਚੌਕ ਨੇੜੇ ਜੀ.ਟੀ. ਰੋਡ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਜਾਂਚ ਸ਼ੁਰੂ ਕੀਤੀ।
ਬੱਚੇ ਦੇ ਪਿਤਾ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਪੁੱਤਰ ਅਮਨ 3 ਦਿਨ ਪਹਿਲਾਂ ਘਰੋਂ ਖੇਡਦੇ ਸਮੇਂ ਲਾਪਤਾ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਨੇ ਉਨ੍ਹਾਂ ਨੂੰ ਪਹਿਲਾਂ 3 ਥਾਣਿਆਂ (ਜੋਧੇਵਾਲ, ਮੇਹਰਬਾਨ ਅਤੇ ਸਲੇਮ ਟਾਬਰੀ) ’ਚ ਇਲਾਕਾ ਨਾ ਹੋਣ ਦਾ ਬਹਾਨਾ ਬਣਾ ਕੇ ਘੁਮਾਇਆ। ਧਰਨਾ ਪ੍ਰਦਰਸ਼ਨ ਤੋਂ ਬਾਅਦ ਥਾਣਾ ਮੁਖੀ ਹਰਸ਼ਵੀਰ ਸਿੰਘ ਸੰਧੂ ਨੇ ਭਰੋਸਾ ਦਿਵਾਇਆ, ਜਿਸ ਮਗਰੋਂ ਹਾਈਵੇਅ ਤੋਂ ਜਾਮ ਖੋਲ੍ਹਿਆ ਗਿਆ।
ਜਾਂਚ ਦੌਰਾਨ ਜਦੋਂ ਪੁਲਸ ਨੇ ਨੇੜਲੀ ਫੈਕਟਰੀ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਤਾਂ ਅਮਨ ਇਕ ਸ਼ੱਕੀ ਵਿਅਕਤੀ ਨਾਲ ਪੈਦਲ ਜਾਂਦਾ ਦਿਖਾਈ ਦਿੱਤਾ। ਸਰਚ ਮੁਹਿੰਮ ਦੌਰਾਨ ਇਕ ਖਾਲੀ ਪਲਾਟ ਦੀਆਂ ਝਾੜੀਆਂ ਵਿੱਚੋਂ ਅਮਨ ਦੀ ਲਾਸ਼ ਬਰਾਮਦ ਹੋਈ। ਏ.ਡੀ.ਸੀ.ਪੀ.-1 ਸਮੀਰ ਵਰਮਾ ਨੇ ਦੱਸਿਆ ਕਿ ਬੱਚੇ ਦੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਅਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ ਦੋ ਛੋਟੀਆਂ ਭੈਣਾਂ ਹਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ. ’ਚ ਦਿਖਾਈ ਦਿੱਤੇ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Read More : ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਵਰਲਡ ਕੱਪ
