ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਪਾਰੀ ਨੇ ਰਚਿਆ ਨਵਾਂ ਰਿਕਾਰਡ
ਹਰਾਰੇ, 6 ਫਰਵਰੀ : ਭਾਰਤੀ ਜੂਨੀਅਰ ਕ੍ਰਿਕਟ ਟੀਮ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਮਾਤ ਦੇ ਕੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਹ ਫਾਈਨਲ ਮੈਚ ਕ੍ਰਿਕਟ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ 14 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਪਾਰੀ ਰਹੀ।
ਵੈਭਵ ਸੂਰਿਆਵੰਸ਼ੀ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਸ਼ ਕਰਦਿਆਂ ਮਹਿਜ਼ 80 ਗੇਂਦਾਂ ਵਿੱਚ 175 ਦੌੜਾਂ ਬਣਾਈਆਂ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 15 ਛੱਕੇ ਅਤੇ 15 ਚੌਕੇ ਜੜੇ। ਸੂਰਿਆਵੰਸ਼ੀ ਨੇ ਸਿਰਫ਼ 71 ਗੇਂਦਾਂ ਵਿੱਚ ਸਭ ਤੋਂ ਤੇਜ਼ 150 ਦੌੜਾਂ ਪੂਰੀਆਂ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕੀਤਾ।
ਉਹ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਬਣਾਉਣ ਵਾਲੇ ਅਤੇ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਸ਼ਾਨਦਾਰ ਪ੍ਰਦਰਸ਼ਨ ਬਦਲੇ ਉਨ੍ਹਾਂ ਨੂੰ ‘ਪਲੇਅਰ ਆਫ਼ ਦ ਮੈਚ’ ਅਤੇ ‘ਪਲੇਅਰ ਆਫ਼ ਦ ਟੂਰਨਾਮੈਂਟ’ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਓਵਰਾਂ ਵਿੱਚ 411/9 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਕਿ ਜੂਨੀਅਰ ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 311 ਦੌੜਾਂ ‘ਤੇ ਹੀ ਸਿਮਟ ਗਈ। ਇੰਗਲੈਂਡ ਵੱਲੋਂ ਕੇਲੇਬ ਫਾਲਕਨਰ ਨੇ 115 ਦੌੜਾਂ ਦੀ ਜਜ਼ਬੇ ਭਰਪੂਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਵਿੱਚ ਅਸਫਲ ਰਹੇ।
Read More : ਮੁਅੱਤਲ DIG ਭੁੱਲਰ ਦੇ ਪਰਿਵਾਰਕ ਬੈਂਕ ਖਾਤਿਆਂ ‘ਤੇ ਸੁਣਵਾਈ 21 ਤੱਕ ਮੁਲਤਵੀ
