ਸ੍ਰੀ-ਗੁਰੂ-ਰਵਿਦਾਸ-ਯਾਦਗਾਰ

ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼

ਖੁਰਾਲਗੜ੍ਹ (ਹੁਸ਼ਿਆਰਪੁਰ), 6 ਫਰਵਰੀ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇੱਕ ਇਤਿਹਾਸਕ ਅਤੇ ਯਾਦਗਾਰੀ ਸਮਾਗਮ ਵਜੋਂ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਲੜੀਵਾਰ ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਸਮਾਗਮ 20 ਫਰਵਰੀ 2027 ਤੱਕ ਸੂਬਾ ਭਰ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਅਕਾਦਮਿਕ ਪੱਧਰ ‘ਤੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣਾ ਸਰਕਾਰ ਦਾ ਮੁੱਖ ਟੀਚਾ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦੇ ਵਿਸਥਾਰ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ ਦੇ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਪਵਿੱਤਰ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੰਤ ਸਮਾਜ ਵੱਲੋਂ ਮਿਲੇ ਸਾਰੇ ਆਦੇਸ਼ਾਂ ਨੂੰ ਅੱਖਰ-ਅੱਖਰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੁਰਾਲਗੜ੍ਹ ਵਿੱਚ 148 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਯਾਦਗਾਰ ਪਹਿਲਾਂ ਹੀ ਤਿਆਰ ਕੀਤੀ ਗਈ ਹੈ, ਜੋ ਮੀਨਾਰ-ਏ-ਬੇਗਮਪੁਰਾ, ਅਤਿ-ਆਧੁਨਿਕ ਆਡੀਟੋਰੀਅਮ ਅਤੇ ਵੱਡੇ ਸੰਗਤ ਹਾਲ ਵਰਗੀਆਂ ਸਹੂਲਤਾਂ ਨਾਲ ਲੈਸ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ‘ਤੇ ਚੱਲਦਿਆਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਇਹ ਰਾਸ਼ੀ 5 ਲੱਖ ਰੁਪਏ ਸੀ, ਜਿਸ ਨੂੰ ਸਰਕਾਰ ਨੇ ਦੁੱਗਣਾ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਗਰੀਬ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ। ਇਸ ਨਾਲ ਸੂਬੇ ਦੇ ਲਗਭਗ 65 ਲੱਖ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ।

ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਦਰਸ਼ਨ ‘ਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਸ਼ੇਸ਼ ਚੇਅਰਾਂ ਸਥਾਪਤ ਕੀਤੀਆਂ ਗਈਆਂ ਹਨ। ਜਲੰਧਰ ਦੇ ਪਿੰਡ ਫਰੀਦਪੁਰ ਅਤੇ ਨੌਗਜ਼ਾ ਵਿੱਚ 12 ਏਕੜ ਜ਼ਮੀਨ ‘ਤੇ ਬਣਨ ਵਾਲਾ ਅਧਿਐਨ ਕੇਂਦਰ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਜੀ ਦੀ ਬਾਣੀ ਅਤੇ ਫਲਸਫੇ ਨਾਲ ਜੋੜਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਸ ਮੌਕੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਖੁਰਾਲਗੜ੍ਹ ਦੀ ਇਸ ਪਵਿੱਤਰ ਧਰਤੀ ‘ਤੇ ਆਉਣਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਸ਼ਲਾਘਾ ਕੀਤੀ ਕਿ ਪੰਜਾਬ ਸਰਕਾਰ ਗੁਰੂ ਜੀ ਦੇ ਬਰਾਬਰੀ ਵਾਲੇ ਸਮਾਜ ਦੇ ਸੰਦੇਸ਼ ਨੂੰ ਨਾ ਸਿਰਫ਼ ਗੱਲਾਂ ਵਿੱਚ ਬਲਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਰਾਹੀਂ ਅਮਲੀ ਰੂਪ ਵਿੱਚ ਲਾਗੂ ਕਰ ਰਹੀ ਹੈ। ਇਸ ਸਮਾਗਮ ਵਿੱਚ ਸੰਤ ਸਮਾਜ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

Read More : ਸੂਬੇ ਦੇ ਵਪਾਰੀਆਂ ਨੂੰ ਵਿੱਤੀ ਰਾਹਤ : ਬਕਾਇਆ ਟੈਕਸ ਨਿਬੇੜਨ ਦੀ ਤਾਰੀਖ਼ 31 ਮਾਰਚ ਤੱਕ ਵਧੀ

Leave a Reply

Your email address will not be published. Required fields are marked *