ਵਿੱਤ ਮੰਤਰੀ ਹਰਪਾਲ ਚੀਮਾ

ਸੂਬੇ ਦੇ ਵਪਾਰੀਆਂ ਨੂੰ ਵਿੱਤੀ ਰਾਹਤ : ਬਕਾਇਆ ਟੈਕਸ ਨਿਬੇੜਨ ਦੀ ਤਾਰੀਖ਼ 31 ਮਾਰਚ ਤੱਕ ਵਧੀ

ਚੰਡੀਗੜ੍ਹ, 6 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਯਕਮੁਸ਼ਤ ਨਿਬੇੜਾ ਸਕੀਮ, 2025’ (ਓ.ਟੀ.ਐਸ-2025) ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਕੀਮ ਰਾਹੀਂ ਹੁਣ ਤੱਕ ਜਿੱਥੇ ਪੰਜਾਬ ਸਰਕਾਰ ਨੂੰ 110 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ ਉਥੇ ਸੂਬੇ ਦੇ ਵਪਾਰੀ ਵਰਗ ਨੂੰ ਵਿੱਤੀ ਰਾਹਤ ਮਿਲੀ ਹੈ।

ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1 ਅਕਤੂਬਰ 2025 ਨੂੰ ਓ.ਟੀ.ਐਸ.-2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰ ਵਿਭਾਗ ਨੂੰ 7,654 ਅਰਜ਼ੀਆਂ ਮਿਲੀਆਂ ਹਨ, ਜਿਸ ਦੇ ਨਤੀਜੇ ਵਜੋਂ 38,477 ਕਰੋੜ ਰੁਪਏ ਦੀ ਛੋਟ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ |

ਉਦਯੋਗਿਕ ਜਥੇਬੰਦੀਆਂ ਦੇ ਸੁਝਾਵਾਂ ਪ੍ਰਤੀ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਦੀ ਆਖਰੀ ਤਾਰੀਖ਼ 31 ਦਸੰਬਰ 2025 ਤੋਂ ਵਧਾ ਕੇ 31 ਮਾਰਚ 2026 ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮਾਂ ਸੀਮਾਂ ‘ਚ ਇਹ ਵਾਧਾ ਸਕੀਮ ਦੀ ਸਕਾਰਾਤਮਕ ਗਤੀ ਅਤੇ ਉਦਯੋਗਿਕ ਜਥੇਬੰਦੀਆਂ ਦੀਆਂ ਮੰਗਾਂ ਨੂੰ ਧਿਆਨ ‘ਚ ਰੱਖਦਿਆਂ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਹ ਵਾਧੂ ਸਮਾਂ ਯੋਗ ਕਰਦਾਤਾਵਾਂ ਨੂੰ ਆਪਣੀਆਂ ਦੇਣਦਾਰੀਆਂ ਦਾ ਮੁਲਾਂਕਣ ਕਰਨ ਅਤੇ ਪਾਰਦਰਸ਼ੀ ਤੇ ਸਰਲ ਤਰੀਕੇ ਨਾਲ ਨਿਬੇੜਾ ਕਰਨ ਦਾ ਪੂਰਾ ਮੌਕਾ ਦੇਵੇਗਾ |

ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਓ.ਟੀ.ਐਸ.-2025 ਸਾਰੀਆਂ ਸ਼੍ਰੇਣੀਆਂ ‘ਚ ਵਿਆਜ ਅਤੇ ਜੁਰਮਾਨੇ ਦੀ 100 ਫੀਸਦੀ ਛੋਟ ਦਿੰਦਿਆਂ ਕਾਰੋਬਾਰਾਂ ਦੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਉਂਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਸਕੀਮ ਮੂਲ ਟੈਕਸ ‘ਚ ਵੀ ਸਲੈਬ ਮੁਤਾਬਕ ਵੱਡੀ ਛੋਟ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ 1 ਕਰੋੜ ਰੁਪਏ ਤੱਕ ਦੇ ਬਕਾਏ ਲਈ 50 ਫੀਸਦੀ ਛੋਟ, 1 ਕਰੋੜ ਤੋਂ 25 ਕਰੋੜ ਰੁਪਏ ਤੱਕ ਦੇ ਬਕਾਏ ਲਈ 25 ਫੀਸਦੀ ਛੋਟ, ਅਤੇ 25 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਲਈ 10 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਨਰਲ ਸੇਲਜ਼ ਟੈਕਸ ਐਕਟ 1948 ਦੀ ਧਾਰਾ 14-ਬੀ ਅਤੇ ਪੰਜਾਬ ਵੈਟ ਐਕਟ 2005 ਦੀ ਧਾਰਾ 51 ਤਹਿਤ ਵੀ ਇਸੇ ਤਰ੍ਹਾਂ ਦੀ ਰਾਹਤ ਮੁਹੱਈਆ ਕੀਤੀ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਵਪਾਰੀਆਂ ਅਤੇ ਕਰਦਾਤਾਵਾਂ ਨੂੰ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਾ ਹੋਏ ਕਿਹਾ ਕਿ ਉਹ ਸਾਰੇ ਯੋਗ ਕਰਦਾਤਾ ਆਪਣੇ ਪੁਰਾਣੇ ਬਕਾਏ ਨਿਪਟਾਉਣ ਅਤੇ ਸੂਬੇ ਦੇ ਮਾਲੀਏ ‘ਚ ਸਹਿਯੋਗੀ ਭਾਵਨਾ ਨਾਲ ਯੋਗਦਾਨ ਪਾਉਣ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਚੁੱਕਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰੀ ਅਨਾਜ ਏਜੰਸੀਆਂ ਨੂੰ ਛੱਡ ਕੇ ਬਾਕੀ ਸਾਰੇ ਕਰਦਾਤਾ ਸਟੇਟ ਟੈਕਸ ਦੇ ਸਹਾਇਕ ਕਮਿਸ਼ਨਰ (ACST) ਦੇ ਦਫ਼ਤਰ ਵਿੱਚ ਫਾਰਮ ਓ.ਟੀ.ਐਸ-01 ਜਮ੍ਹਾਂ ਕਰਵਾ ਕੇ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ।

Read More : ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸੂਬਾ ਪੱਧਰੀ ਸਮਾਗਮ

Leave a Reply

Your email address will not be published. Required fields are marked *