ਅੰਮ੍ਰਿਤਸਰ, 5 ਫ਼ਰਵਰੀ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਤਾਇਨਾਤ ਡੀ. ਆਰ. ਆਈ. ਅਤੇ ਕਸਟਮ ਵਿਭਾਗ ਦੀ ਸਾਂਝੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਕੁਆਲਾਲੰਪੁਰ (ਮਲੇਸ਼ੀਆ) ਤੋਂ ਆਈ ਇਕ ਮਹਿਲਾ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਚਾਰ ਮਿੰਨੀ ਡਰੋਨ ਬਰਾਮਦ ਕੀਤੇ ਗਏ।
ਸੂਤਰਾਂ ਅਨੁਸਾਰ, ਇਹ ਮਹਿਲਾ ਯਾਤਰੀ ਜਿਉਂ ਹੀ ਹਵਾਈ ਅੱਡੇ ’ਤੇ ਉਤਰੀ, ਤਾਂ ਸ਼ੱਕ ਦੇ ਆਧਾਰ ’ਤੇ ਉਸ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਬੈਗ ’ਚੋਂ ਚਾਰ ਉੱਨਤ ਕਿਸਮ ਦੇ ਮਿੰਨੀ ਡਰੋਨ ਮਿਲੇ, ਜਿਨ੍ਹਾਂ ਬਾਰੇ ਮਹਿਲਾ ਕੋਈ ਪੁਖ਼ਤਾ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਵਿਭਾਗੀ ਅਧਿਕਾਰੀਆਂ ਵੱਲੋਂ ਇਹ ਡਰੋਨ ਤੁਰੰਤ ਜ਼ਬਤ ਕਰ ਲਏ ਗਏ ਹਨ।
ਫ਼ਿਲਹਾਲ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਡਰੋਨ ਕਿਸ ਮਕਸਦ ਲਈ ਅਤੇ ਕਿਸ ਨੂੰ ਸਪਲਾਈ ਕਰਨ ਲਈ ਮੰਗਵਾਏ ਗਏ ਸਨ। ਸਰਹੱਦੀ ਖੇਤਰ ਹੋਣ ਕਾਰਨ ਅੰਮ੍ਰਿਤਸਰ ’ਚ ਡਰੋਨਾਂ ਦੀ ਅਜਿਹੀ ਬਰਾਮਦਗੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Read More : ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਹੱਤਿਆ ਮੰਨੀਆਂ ਜਾਣਗੀਆਂ : ਯੋਗੀ
