ਜਲੰਧਰ, 5 ਫਰਵਰੀ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ‘ਵਿਸ਼ਵ ਕੈਂਸਰ ਦਿਵਸ’ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ। ਇਹ ਆਯੋਜਨ ਸੀਟੀ ਕਾਲਜ ਆਫ਼ ਫਾਰਮੇਸੀ ਅਤੇ ਸੀਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੁਆਰਾ ਸਾਂਝੇ ਤੌਰ ‘ਤੇ ‘ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ’ ਦੇ ਵਿਸ਼ਵਵਿਆਪੀ ਟੀਚਿਆਂ ਨੂੰ ਸਮਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੈਡੀਕਲ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਸਮਾਗਮ ਦੌਰਾਨ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਸੈਸ਼ਨ ਰੱਖੇ ਗਏ। ਐਨ.ਐਚ.ਐਸ. ਹਸਪਤਾਲ ਦੇ ਸੀਨੀਅਰ ਡਾਕਟਰ, ਡਾ. ਵਿਭਾ ਚਿਤਕਾਰਾ ਨੇ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਬਿਮਾਰੀ ਦੇ ਵਧਣ ਦੇ ਕਾਰਨਾਂ ਅਤੇ ਸਮੇਂ ਸਿਰ ਜਾਂਚ ਤੇ ਟੀਕਾਕਰਨ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ।
ਦੂਜੇ ਪਾਸੇ, ਫੋਰਟਿਸ ਹਸਪਤਾਲ ਜਲੰਧਰ ਦੇ ਅਮਰੀਕਨ ਓਨਕੋਲੋਜੀ ਇੰਸਟੀਚਿਊਟ ਤੋਂ ਰੇਡੀਏਸ਼ਨ ਓਨਕੋਲੋਜੀ ਮਾਹਰ ਡਾ. ਮੈਥਿਲੀ ਸ਼ਰਮਾ ਨੇ ਰੇਡੀਏਸ਼ਨ ਥੈਰੇਪੀ ਦੀਆਂ ਨਵੀਆਂ ਤਕਨੀਕਾਂ ਬਾਰੇ ਚਾਨਣਾ ਪਾਇਆ।
ਇਸ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਵੱਲੋਂ ਰੈਲੀਆਂ ਕੱਢੀਆਂ ਗਈਆਂ ਅਤੇ ਪੋਸਟਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਅਜੋਕੇ ਦੌਰ ਨੂੰ ਮੁੱਖ ਰੱਖਦਿਆਂ ਸੋਸ਼ਲ ਮੀਡੀਆ ਰੀਲਾਂ ਰਾਹੀਂ ਵੀ ਨੌਜਵਾਨਾਂ ਨੂੰ ਕੈਂਸਰ ਦੀ ਰੋਕਥਾਮ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸੀਟੀ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ, ਵਾਈਸ ਪ੍ਰਿੰਸੀਪਲ ਡਾ. ਸੰਜਨਾ ਪਿਪਲਾਨੀ, ਵਿਭਾਗ ਮੁਖੀ ਡਾ. ਸ਼ਰੂਤੀ ਮਹਿਤਾ ਅਤੇ ਸੀਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਵਾਈਸ ਪ੍ਰਿੰਸੀਪਲ ਡਾ. ਡੇਜ਼ੀ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ।
Read More : ਰਾਮਪੁਰਾ ਫੂਲ ਦੇ 8 ਸਾਲਾ ਆਰੇਨ ਨੇ ਸਿਰਜਿਆ ਵਿਸ਼ਵ ਰਿਕਾਰਡ
