ਕਿਹਾ-ਪੰਜਾਬ ਨੂੰ ਨਾ ਰਾਹਤ ਪੈਕੇਜ ਮਿਲਿਆ ਅਤੇ ਨਾ ਹੀ ਹਵਾਈ ਅੱਡਿਆਂ ਲਈ ਨਵੀਆਂ ਉਡਾਣਾਂ
ਜਲੰਧਰ, 2 ਫਰਵਰੀ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਪੰਜਾਬੀਆਂ ਲਈ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਉਤਸ਼ਾਹ ਪ੍ਰਧਾਨ ਮੰਤਰੀ ਦੇ ਆਉਣ ਬਾਰੇ ਸੀ, ਓਨੀ ਹੀ ਨਿਰਾਸ਼ਾ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਈ ਹੈ ਕਿਉਂਕਿ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ।
ਪਰਗਟ ਸਿੰਘ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਣ ਦਾ ਸਵਾਗਤ ਕੀਤਾ, ਪਰ ਨਾਲ ਹੀ ਕਿਹਾ ਕਿ ਸਿਰਫ਼ ਨਾਮ ਬਦਲਣਾ ਕਾਫ਼ੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਆਦਮਪੁਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਅਤੇ ਇੱਥੋਂ ਦਿੱਲੀ ਸਮੇਤ ਹੋਰ ਮੈਟਰੋ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਕਿਉਂ ਸ਼ੁਰੂ ਨਹੀਂ ਕੀਤੀਆਂ ਗਈਆਂ?
ਉਨ੍ਹਾਂ ਕਿਹਾ ਕਿ ਨਵੀਆਂ ਉਡਾਣਾਂ ਨਾਲ ਦੋਆਬੇ ਦੇ ਪਰਵਾਸੀ ਭਾਰਤੀਆਂ ਅਤੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਸੀ। ਇਸੇ ਤਰ੍ਹਾਂ ਹਲਵਾਰਾ ਹਵਾਈ ਅੱਡੇ ਨੂੰ ਵੀ ਅੰਤਰਰਾਸ਼ਟਰੀ ਉਡਾਣਾਂ ਤੋਂ ਵਾਂਝਾ ਰੱਖਿਆ ਗਿਆ ਹੈ।
ਵਿਧਾਇਕ ਨੇ ਕੇਂਦਰ ਸਰਕਾਰ ’ਤੇ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਪੰਜਾਬ ਨੂੰ ਕਰਜ਼ੇ ’ਚ ਡੁਬੋਇਆ ਅਤੇ ਹੁਣ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਵਿੱਤੀ ਐਮਰਜੈਂਸੀ ਵੱਲ ਧੱਕ ਦਿੱਤਾ ਹੈ।
ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੇ ਕਦੇ ਵੀ ਪੰਜਾਬ ਦੀ ਬਿਹਤਰੀ ਲਈ ਕੰਮ ਨਹੀਂ ਕੀਤਾ, ਜਿਸ ਦਾ ਸਬਕ ਪੰਜਾਬ ਦੇ ਲੋਕ ਜਲਦੀ ਹੀ ਸਿਖਾਉਣਗੇ।
Read More : 124 ਸਾਲਾਂ ਬਾਅਦ ਹੀਰਾ ਮਹਿਲ ‘ਚ ਮੁੜ ਲੱਗੀਆਂ ਰੌਣਕਾਂ
