ਵਿਆਹ ਸਮਾਗਮ ਦੌਰਾਨ ਚੌਰ ਅਤੇ ਛਤਰ ਦੀ ਪ੍ਰਥਾ ਨੂੰ ਲੈ ਕੇ ਮੰਗੀ ਖਿਮਾ
ਅੰਮ੍ਰਿਤਸਰ, 2 ਫਰਵਰੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਗੋਵਿੰਦ ਸਿੰਘ ਸੰਧੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ। ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਵਿਆਹ ਸਮਾਗਮ ਦੌਰਾਨ ਚੌਰ ਕਰਵਾਉਣ ਅਤੇ ਛਤਰ ਝੁਲਾਉਣ ਦੇ ਮਾਮਲੇ ਵਿੱਚ ਹੋਈ ਭੁੱਲ ਸਬੰਧੀ ਲਿਖਤੀ ਮੁਆਫ਼ੀਨਾਮਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ।
ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੀ ਗਲਤੀ ਦਾ ਪਸ਼ਚਾਤਾਪ ਕਰਨ ਲਈ ਗੁਰੂ ਘਰ ਆਏ ਹਨ। ਉਨ੍ਹਾਂ ਕਿਹਾ ਕਿ ਵਿਆਹ ਦੇ ਪ੍ਰੋਗਰਾਮ ਦੌਰਾਨ ਅਣਜਾਣੇ ਵਿੱਚ ਇਕ ਪੁਰਾਣੀ ਪਰਿਵਾਰਕ ਪਰੰਪਰਾ ਦੀ ਪਾਲਣਾ ਕੀਤੀ ਗਈ ਸੀ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਨੰਦ ਕਾਰਜ ਦੀ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੂਰੇ ਸਤਿਕਾਰ ਨਾਲ ਨਿਭਾਈ ਗਈ ਸੀ, ਪਰ ਰਾਤ ਦੇ ਸਮਾਗਮ ਦੌਰਾਨ ਪੁਰਖਿਆਂ ਦੇ ਰੀਤੀ-ਰਿਵਾਜਾਂ ਤਹਿਤ ਕੀਤੀ ਗਈ ਕਾਰਵਾਈ ਗੰਭੀਰ ਗਲਤੀ ਸਾਬਤ ਹੋਈ।
ਸੰਧੂ ਨੇ ਕਿਹਾ ਕਿ ਉਹ ਇਸ ਭੁੱਲ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ ਅਤੇ ਸਮੁੱਚੇ ਸਿੱਖ ਪੰਥ ਤੋਂ ਖਿਮਾ ਦੇ ਜਾਚਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਡੂੰਘਾ ਅਫ਼ਸੋਸ ਹੈ ਅਤੇ ਉਹ ਭਵਿੱਖ ਵਿੱਚ ਅਜਿਹੀ ਕਿਸੇ ਵੀ ਗਲਤੀ ਪ੍ਰਤੀ ਸੁਚੇਤ ਰਹਿਣਗੇ।
Read More : ਡਾ. ਸਾਹਨੀ ਨੇ ਪੰਜਾਬ ’ਚ ਤੁਰੰਤ ਜ਼ਮੀਨਦੋਜ਼ ਪਾਣੀ ਦੀ ਪੁਨਰ ਸੁਰਜੀਤੀ ਲਈ ਮੰਗਿਆ ਪੈਕੇਜ
