ਸ੍ਰੀ ਭਗਵਤ ਗੀਤਾ ਦੇ ਪਾਵਨ ਅੰਗ ਵੀ ਸੜੀ ਹੋਈ ਹਾਲਤ ’ਚ ਬਰਾਮਦ; ਧਾਰਮਿਕ ਜਥੇਬੰਦੀਆਂ ’ਚ ਭਾਰੀ ਰੋਸ
ਲੋਹੀਆਂ, 2 ਫਰਵਰੀ : ਲੋਹੀਆਂ ਦੇ ਸੁਲਤਾਨਪੁਰ ਲੋਧੀ ਚੌਕ ਨੇੜੇ ਰੇਲਵੇ ਫਾਟਕ ਕੋਲ ਲਗਾਤਾਰ ਦੂਜੇ ਦਿਨ ਗੁਟਕਾ ਸਾਹਿਬ ਦੇ ਪਾਵਨ ਅੰਗ ਬੇਅਦਬੀ ਵਾਲੀ ਹਾਲਤ ਵਿੱਚ ਮਿਲਣ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਅਤੇ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇੱਕ ਕਬਾੜ ਦੀ ਦੁਕਾਨ ਅਤੇ ਕਬਾੜੀਏ ਦੇ ਘਰੋਂ ਭਾਰੀ ਮਾਤਰਾ ਵਿੱਚ ਖੰਡਿਤ ਅੰਗ ਬਰਾਮਦ ਹੋਏ ਹਨ।
ਘਟਨਾ ਦਾ ਵੇਰਵਾ ਜਾਣਕਾਰੀ ਅਨੁਸਾਰ, ਜਦੋਂ ਸਤਿਕਾਰ ਕਮੇਟੀ ਅਤੇ ਸੰਗਤਾਂ ਨੇ ਪੁਲਸ ਨੂੰ ਨਾਲ ਲੈ ਕੇ ਸੜਕ ਦੀ ਜਾਂਚ ਕੀਤੀ ਤਾਂ ਸੁਲਤਾਨਪੁਰ ਲੋਧੀ ਚੌਕ ਨੇੜੇ ਇੱਕ ਕਬਾੜ ਦੀ ਦੁਕਾਨ ਵਿੱਚੋਂ ਛੋਟੇ-ਛੋਟੇ ਹਿੱਸਿਆਂ ਵਿੱਚ ਖੰਡਿਤ ਕੀਤੇ ਗੁਟਕਾ ਸਾਹਿਬ ਦੇ ਅੰਗ ਮਿਲੇ। ਤਲਾਸ਼ੀ ਦੌਰਾਨ ਉੱਥੋਂ ਸ੍ਰੀ ਭਗਵਤ ਗੀਤਾ ਦੇ ਪਾਵਨ ਅੰਗ ਵੀ ਸੜੀ ਹੋਈ ਹਾਲਤ ਵਿੱਚ ਪ੍ਰਾਪਤ ਹੋਏ।
ਇਸ ਤੋਂ ਬਾਅਦ ਜਦੋਂ ਉਕਤ ਕਬਾੜੀਏ ਦੇ ਘਰ ਦੀ ਜਾਂਚ ਕੀਤੀ ਗਈ, ਤਾਂ ਉੱਥੋਂ ਵੀ ਵੱਡੀ ਗਿਣਤੀ ਵਿੱਚ ਪਾਵਨ ਅੰਗ ਮਿਲੇ, ਜਿਸ ਨਾਲ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ।
ਪੁਲਸ ਕਾਰਵਾਈ ਸੰਗਤਾਂ ਨੇ ਬਰਾਮਦ ਹੋਏ ਪਾਵਨ ਅੰਗਾਂ ਨੂੰ ਪੂਰੇ ਮਾਣ-ਸਨਮਾਨ ਨਾਲ ਰੁਮਾਲਿਆਂ ਵਿੱਚ ਲਪੇਟ ਕੇ ਸੰਭਾਲਿਆ। ਸੂਤਰਾਂ ਅਨੁਸਾਰ, ਪੁਲਸ ਨੇ ਦੁਕਾਨ ਮਾਲਕ ਸਿਕੰਦਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਾਰਮਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਘਿਨਾਉਣੀ ਹਰਕਤ ਪਿੱਛੇ ਸ਼ਾਮਲ ਅਸਲ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
Read More : ਮੈਰੀਟੋਰੀਅਸ ਸਕੂਲ ‘ਚ ਰਾਤ ਦਾ ਖਾਣਾ ਖਾਣ ਮਗਰੋਂ 10 ਬੱਚੇ ਬਿਮਾਰ
