ਕੇਂਦਰੀ ਮੰਤਰੀ ਨੇ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਰੱਖਿਆ ਪ੍ਰਸਤਾਵ
ਲੁਧਿਆਣਾ, 1 ਫਰਵਰੀ- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਹਲਵਾਰਾ ਹਵਾਈ ਅੱਡੇ ’ਤੇ ਯਾਤਰੀ ਉਡਾਣਾਂ ਦੇ ਨਾਲ-ਨਾਲ ਕਾਰਗੋ ਟਰਮੀਨਲ ਨੂੰ ਵੀ ਜਲਦ ਚਾਲੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਉਦਯੋਗਿਕ ਖੇਤਰ ’ਚ ਹਵਾਈ ਕਾਰਗੋ ਸੇਵਾਵਾਂ ਦੀ ਭਾਰੀ ਮੰਗ ਹੈ।
ਹਲਵਾਰਾ ਏਅਰਪੋਰਟ ਦੇ ਵਰਚੁਅਲ ਉਦਘਾਟਨ ਸਮਾਰੋਹ ਦੌਰਾਨ ਬਿੱਟੂ ਨੇ ਕੇਂਦਰੀ ਨਾਗਰਿਕ ਹਵਾਨਬਾਜ਼ੀ ਮੰਤਰੀ ਨੂੰ ਕਾਰਗੋ ਸੰਚਾਲਨ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਿਕ ਸ਼ਹਿਰ ਹੋਣ ਕਰਕੇ ਇਹ ਹਵਾਈ ਅੱਡਾ ਉਮੀਦ ਤੋਂ ਕਿਤੇ ਵੱਧ ਯਾਤਰੀ ਅਤੇ ਕਾਰਗੋ ਟ੍ਰੈਫਿਕ ਸੰਭਾਲੇਗਾ। ਮੌਜੂਦਾ ਸਮੇਂ ’ਚ ਉਦਯੋਗਪਤੀਆਂ ਨੂੰ ਕਾਰਗੋ ਲਈ ਅੰਮ੍ਰਿਤਸਰ ਜਾਂ ਚੰਡੀਗੜ੍ਹ ’ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਨਾਲ ਲੌਜਿਸਟਿਕਸ ਲਾਗਤ ਵਧਦੀ ਹੈ।
ਕੇਂਦਰੀ ਮੰਤਰੀ ਨੇ ਹਵਾਈ ਅੱਡੇ ਦਾ ਨਾਂ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਵੀ ਰੱਖਿਆ। ਬਿੱਟੂ ਨੇ ਇਸ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਇਸ ਨੂੰ ਪੰਜਾਬ ਲਈ ਇਕ ਇਤਿਹਾਸਕ ਤੋਹਫ਼ਾ ਦੱਸਿਆ।
ਇਸ ਮੌਕੇ ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਗੁਰਦੇਵ ਸ਼ਰਮਾ ਦੇਬੀ, ਸੁਭਾਸ਼ ਡਾਬਰ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਮਨੀਸ਼ ਚੋਪੜਾ ਲੱਕੀ, ਨਵਲ ਜੈਨ, ਅਰੁਣੇਸ਼ ਮਿਸ਼ਰਾ, ਵਿਪਨ ਸੂਦ ਕਾਕਾ, ਡਾ. ਸਤੀਸ਼ ਕੁਮਾਰ ਅਤੇ ਰਾਸ਼ੀ ਅਗਰਵਾਲ ਵੀ ਮੌਜੂਦ ਸਨ।
Read More : ਰੇਲਵੇ ਦਾ ਕਾਇਆਕਲਪ : ਬਜਟ ’ਚ 7 ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ
