ਨਵੀਂ ਦਿੱਲੀ, 1 ਫਰਵਰੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਸਥਾਪਿਤ ਪਰੰਪਰਾ ਅਨੁਸਾਰ ਵਿੱਤ ਮੰਤਰੀ ਨੇ ਸੰਸਦ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਤੋਂ ਰਸਮੀ ਇਜਾਜ਼ਤ ਲਈ।
ਇਸ ਮੌਕੇ ਸੀਤਾਰਮਨ ਦੇ ਨਾਲ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਰਾਸ਼ਟਰਪਤੀ ਭਵਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ‘ਕਰਤੱਵ ਭਵਨ’ ਵਿਖੇ ਆਪਣੀ ਬਜਟ ਟੀਮ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ। ਮੈਜੈਂਟਾ ਸਿਲਕ ਸਾੜੀ ਵਿੱਚ ਸੱਜੇ ਸੀਤਾਰਮਨ ਨੇ ਰਾਸ਼ਟਰੀ ਚਿੰਨ੍ਹ ਵਾਲੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ, ਜੋ ਕਿ ‘ਪੇਪਰਲੈੱਸ ਬਜਟ’ ਦੀ ਨਿਰੰਤਰਤਾ ਦਾ ਪ੍ਰਤੀਕ ਹੈ। 2019 ਵਿੱਚ ਉਨ੍ਹਾਂ ਨੇ ਪੁਰਾਣੀ “ਬ੍ਰੀਫਕੇਸ” ਪ੍ਰਥਾ ਨੂੰ ਤਿਆਗ ਕੇ ‘ਬਹੀ-ਖਾਤਾ’ ਦੀ ਨਵੀਂ ਪਿਰਤ ਪਾਈ ਸੀ।
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਉਹ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਜਿੱਥੇ ਬਜਟ ਨੂੰ ਰਸਮੀ ਮਨਜ਼ੂਰੀ ਦਿੱਤੀ ਗਈ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਲਗਾਤਾਰ ਨੌਵਾਂ ਬਜਟ ਹੈ। ਇਸ ਬਜਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵਿਸ਼ਵਵਿਆਪੀ ਵਪਾਰਕ ਤਣਾਅ ਅਤੇ ਅਮਰੀਕੀ ਟੈਰਿਫ ਵਰਗੀਆਂ ਚੁਣੌਤੀਆਂ ਦਰਮਿਆਨ ਭਾਰਤੀ ਅਰਥਵਿਵਸਥਾ ਨੂੰ ਸੁਰੱਖਿਅਤ ਰੱਖਣ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਵੱਡੇ ਸੁਧਾਰਾਂ ਦਾ ਐਲਾਨ ਕਰੇਗੀ।
Read More : ਮੁੱਖ ਮੰਤਰੀ ਮਾਨ ਵੱਲੋਂ 916 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ
