ਨਵਾਂਸ਼ਹਿਰ

ਨਾਲਾਗੜ੍ਹ ਥਾਣਾ ਬਲਾਸਟ ਮਾਮਲਾ : ਬੱਬਰ ਖਾਲਸਾ ਨਾਲ ਜੁੜੇ 2 ਅੱਤਵਾਦੀ ਗ੍ਰਿਫਤਾਰ

ਆਈ.ਈ.ਡੀ. ਬਰਾਮਦ, ਪਾਕਿਸਤਾਨ ਬੈਠੇ ਰਿੰਦਾ ਦੇ ਇਸ਼ਾਰੇ ’ਤੇ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼

ਨਵਾਂਸ਼ਹਿਰ, 29 ਜਨਵਰੀ : ਪੰਜਾਬ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਥਾਣਾ ਬਲਾਸਟ ਕੇਸ ਦੀ ਗੁੱਥੀ ਸੁਲਝਾਉਂਦਿਆਂ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੋਂ ਹਮਾਇਤ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸ ਦੇ 2 ਖਤਰਨਾਕ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲਸ, ਹਿਮਾਚਲ ਪ੍ਰਦੇਸ਼ ਪੁਲਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਅਮਲ ਵਿਚ ਲਿਆਂਦੀ ਗਈ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸ਼ੇਰੂ ਉਰਫ ਕਮਲ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕਸਬਾ ਰਾਹੋਂ ਦੇ ਰਹਿਣ ਵਾਲੇ ਹਨ। ਪੁਲਸ ਟੀਮਾਂ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਕ ਜ਼ਿੰਦਾ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਵੀ ਬਰਾਮਦ ਕੀਤਾ ਹੈ।

ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਉਰਫ ਗੋਪੀ ਨਵਾਂਸ਼ਹਿਰੀਆ ਅਤੇ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਸਾਥੀ ਸ਼ੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ 31 ਦਸੰਬਰ, 2025 ਨੂੰ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਇਕ ਆਈ.ਈ.ਡੀ. ਪਹੁੰਚਾਇਆ ਸੀ। ਇਸ ਦੀ ਵਰਤੋਂ ਪੁਲਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਤਹਿਤ 1 ਜਨਵਰੀ, 2026 ਨੂੰ ਹੋਏ ਨਾਲਾਗੜ੍ਹ ਥਾਣਾ ਧਮਾਕੇ ਵਿਚ ਕੀਤੀ ਗਈ ਸੀ।

ਇਸੇ ਦੌਰਾਨ ਨਵਾਂਸ਼ਹਿਰ ਦੇ ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਥਾਣਾ ਰਾਹੋਂ ਵਿਖੇ ਦਰਜ ਐੱਫ.ਆਈ.ਆਰ. ਦੀ ਜਾਂਚ ਦੌਰਾਨ ਇਹ ਗ੍ਰਿਫਤਾਰੀਆਂ ਹੋਈਆਂ ਹਨ। ਪੁਲਸ ਨੇ ਇਨ੍ਹਾਂ ਦੇ 2 ਹੋਰ ਸਾਥੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

Read More : ਆਪ੍ਰੇਸ਼ਨ ਪ੍ਰਹਾਰ ਤਹਿਤ 6 ਪਿਸਤੌਲਾਂ ਤੇ 17 ਕਾਰਤੂਸਾਂ ਸਣੇ 2 ਕਾਬੂ

Leave a Reply

Your email address will not be published. Required fields are marked *