ਪਟਿਆਲਾ ਪੁਲਸ

ਹੌਲਦਾਰ ਅਮਨਦੀਪ ਕਤਲ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰ

ਗ੍ਰਿਫਤਾਰ ਮੁਲਜ਼ਮਾਂ ’ਚ 2 ਨਾਬਾਲਗ ਵੀ ਸ਼ਾਮਲ : ਐੱਸ. ਐੱਸ. ਪੀ. ਵਰੁਣ ਸ਼ਰਮਾ

ਨਾਭਾ, 28 ਜਨਵਰੀ : ਪਟਿਆਲਾ ਪੁਲਸ ਨੇ ਨਾਭਾ ਵਿਚ ਹੋਏ ਪੁਲਸ ਮੁਲਾਜ਼ਮ ਦੇ ਅਮਨਦੀਪ ਸਿੰਘ ਦੇ ਕਤਲ ਦੇ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਵਿਚੋਂ 2 ਨਾਬਾਲਗ ਹਨ।

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ, ਐੱਸ. ਪੀ. ਸਪੈਸ਼ਲ ਬ੍ਰਾਂਚ ਜਸਵੀਰ ਸਿੰਘ, ਡੀ. ਐੱਸ. ਪੀ. ਨਾਭਾ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ, ਸੀ. ਆਈ. ਏ. ਸਮਾਣਾ ਦੇ ਇੰਚਾਰਜ ਇੰਸ. ਅੰਕੁਰਦੀਪ ਸਿੰਘ ਅਤੇ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਸੌਰਵ ਸੱਭਰਵਾਲ ਦੀ ਟੀਮ ਨੇ ਸ਼ਾਮ ਉਰਫ ਕੈਫ, ਹੀਰਾ ਲਾਲ ਉਰਫ ਹੀਰਾ, ਆਸ਼ੀਸ ਉਰਫ ਆਸ਼ੀ ਅਤੇ ਅਮਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਗ੍ਰਿਫਤਾਰ ਵਿਅਕਤੀਆਂ ਵਿਚ 2 ਨਾਬਾਲਗ ਵੀ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਵਾਰਦਾਤ ਨੂੰ ਟ੍ਰੇਸ ਕਰਦਿਆਂ ਸਾਰਿਆਂ ਨੂੰ 36 ਘੰਟੇ ਵਿਚ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਇਸ ਮਾਮਲੇ ਵਿਚ ਅਜੇ ਸੌਰਵ ਕੁਮਾਰ ਅਤੇ ਰਾਹੁਲ ਭਾਰਦਵਾਜ਼ ਫਰਾਰ ਚੱਲ ਰਹੇ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਸਿਵਲ ਲਾਈਨ ਪਟਿਆਲਾ ਵਿਚ ਤਾਇਨਾਤ ਹੌਲਦਾਰ ਅਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਹੀਰਾ ਐਨਕਲੇਵ ਪੁੱਡਾ ਕਾਲੋਨੀ ਨਾਭਾ ਦਾ 25 ਜਨਵਰੀ ਨੂੰ ਰਾਜੂ ਗੇਮਾਂ ਵਾਲੇ ਦੀ ਦੁਕਾਨ ਕੋਲ ਮੈਹਸ ਗੇਟ ਨਾਭਾ ਵਿਖੇ ਕਰੀਬ 8-9 ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਭਰਾ ਨਵਦੀਪ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰ ਕੇ ਆਸੀਸ਼ ਉਰਫ ਆਸ਼ੀ ਪੁੱਤਰ ਮਦਨ ਲਾਲ, ਸੌਰਵ ਕੁਮਾਰ ਪੁੱਤਰ ਰਾਕੇਸ਼ ਕੁਮਾਰ, ਰਿੱਕੀ ਪੁੱਤਰ ਰਾਜ ਕੁਮਾਰ, ਰਿੱਕੀ ਦਾ ਮੁੰਡਾ ਵਾਸੀ ਨੇੜੇ ਵਾਲਮੀਕਿ ਮੰਦਰ ਬੌੜਾਂ ਗੇਟ ਨਾਭਾ ਅਤੇ 5-7 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਜਦੋਂ ਤਫਤੀਸ਼ ਅਮਲ ’ਚ ਲਿਆਂਦੀ ਤਾਂ 16-17 ਘੰਟਿਆਂ ਵਿਚ ਹੀ ਸ਼ਾਮ ਉਰਫ ਕੈਫ ਪੁੱਤਰ ਸਹਿਯਾਦ ਖਾਂ ਵਾਸੀ ਘੁਮਿਆਰਾ ਵਾਲਾ ਮੁਹੱਲਾ ਅਤੇ ਹੀਰਾ ਲਾਲ ਉਰਫ ਹੀਰਾ ਪੁੱਤਰ ਗੋਰਾ ਲਾਲ ਵਾਸੀ ਵਾਲਮੀਕਿ ਬਸਤੀ ਬੋੜਾ ਗੇਟ ਨਾਭਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀਆਂ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਫਰਾਰ ਚੱਲ ਰਹੇ 2 ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ’ਚੋਂ 3 ਖਿਲਾਫ ਪਹਿਲਾਂ ਵੀ ਕੇਸ ਦਰਜ ਹਨ ਅਤੇ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਤੋਂ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵਲੋਂ ਚਲਾਈ ਗਈ ਮੁਹਿੰਮ ਤਹਿਤ ਹੁਣ ਤੱਕ ਪਟਿਆਲਾ ਪਿਛਲੇ ਕੁਝ ਦਿਨਾਂ ਵਿਚ ਹੀ 150 ਤੋਂ ਜ਼ਿਆਦਾ ਗ੍ਰਿਫਤਾਰੀਆਂ ਕਰ ਚੁੱਕੀ ਹੈ।

ਇਸ ਮੌਕੇ ਐੱਸ. ਪੀ. ਜਸਵੀਰ ਸਿੰਘ, ਡੀ. ਐੱਸ. ਪੀ. ਗੁਰਿੰਦਰ ਸਿੰਘ ਬੱਲ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਪ੍ਰਦੀਪ ਸਿੰਘ, ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਇੰਸ. ਅੰਕੁਰਦੀਪ ਸਿੰਘ ਅਤੇ ਥਾਣਾ ਕੋਤਵਾਲੀ ਨਾਭਾ ਦੇ ਐੱਸ. ਐੱਚ. ਓ. ਇੰਸ. ਸੌਰਵ ਸੱਭਰਵਾਲ ਵੀ ਹਾਜ਼ਰ ਸਨ।

Read More : ਦਿੱਲੀ, ਬਿਹਾਰ ਤੇ ਛੱਤੀਸਗੜ੍ਹ ਦੀਆਂ ਅਦਾਲਤਾਂ ’ਚ ਬੰਬ ਦੀ ਧਮਕੀ

Leave a Reply

Your email address will not be published. Required fields are marked *