31 ਜਨਵਰੀ ਨੂੰ ਹੋਵੇਗੀ ਸੁਣਵਾਈ
ਮੋਹਾਲੀ, 27 ਜਨਵਰੀ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਖ਼ਿਲਾਫ਼ ਵਿਜੀਲੈਂਸ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।
ਅਦਾਲਤ ਨੇ ਇਸ ਮਾਮਲੇ ’ਤੇ ਅਗਲੀ ਸੁਣਵਾਈ ਲਈ 31 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ। ਹਰਪ੍ਰੀਤ ਸਿੰਘ ਗੁਲਾਟੀ ਇਸ ਸਮੇਂ ਜੇਲ੍ਹ ’ਚ ਬੰਦ ਹੈ। ਵਿਜੀਲੈਂਸ ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਚੁੱਕੀ ਹੈ, ਜਿਸ ’ਤੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ’ਚ ਹਾਲੇ ਬਹਿਸ ਹੋਣੀ ਬਾਕੀ ਹੈ, ਜਿਸ ਸਬੰਧੀ ਵੀ 31 ਜਨਵਰੀ ਨੂੰ ਸੁਣਵਾਈ ਹੋਵੇਗੀ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਹਰਪ੍ਰੀਤ ਸਿੰਘ ਗੁਲਾਟੀ ਨੂੰ ਉਸ ਦੇ ਸੈਕਟਰ-106 ਵਿਚਲੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਰਪ੍ਰੀਤ ਸਿੰਘ ਗੁਲਾਟੀ ’ਤੇ ਦੋਸ਼ ਹਨ ਕਿ ਉਸ ਦੀਆਂ ਕੰਪਨੀਆਂ ’ਚੋਂ ਮਜੀਠੀਆ ਦੀਆਂ ਕੰਪਨੀਆਂ ’ਚ ਪੈਸਾ ਟਰਾਂਸਫਰ ਹੋਇਆ ਸੀ, ਜੋ ਕਿ ਕਦੇ ਵੀ ਵਾਪਸ ਨਹੀਂ ਹੋਇਆ ਅਤੇ ਨਾ ਹੀ ਹਰਪ੍ਰੀਤ ਗੁਲਾਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕੇਸ ਦਾਇਰ ਕਰ ਕੇ ਟਰਾਂਸਫਰ ਕੀਤੇ ਗਏ ਪੈਸੇ ਵਾਪਸ ਮੰਗੇ ਗਏ।
ਵਿਜੀਲੈਂਸ ਮੁਤਾਬਕ ਗੁਲਾਟੀ ਵੱਲੋਂ ਬਿਕਰਮ ਮਜੀਠੀਆ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਕੰਮ ਕੀਤਾ ਜਾਂਦਾ ਸੀ। ਉਹ ਪਹਿਲਾਂ ਪੁਰਾਣੀਆਂ ਗੱਡੀਆਂ ਦੀ ਖ਼ਰੀਦੋ-ਫਰੋਖਤ ਦਾ ਕੰਮ ਕਰਦਾ ਸੀ, ਪਰ 2008-09 ’ਚ ਅਕਾਲੀ ਸਰਕਾਰ ਦੌਰਾਨ ਉਸ ਵੱਲੋਂ ਕਈ ਕੰਪਨੀਆਂ ਬਣਾਈਆਂ ਗਈਆਂ ਸਨ। ਗੁਲਾਟੀ ਅਕਾਲੀ ਸਰਕਾਰ ਸਮੇਂ ਸ਼ਰਾਬ ਦੇ ਕਾਰੋਬਾਰ ’ਚ ਵੀ ਅਹਿਮ ਭੂਮਿਕਾ ਨਿਭਾਉਂਦਾ ਸੀ।
ਮਜੀਠੀਆ ਖ਼ਿਲਾਫ਼ 25 ਜੂਨ 2025 ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ-1988 ਦੀ ਧਾਰਾ-13(1)(ਬੀ) ਅਤੇ 13(2) ਤਹਿਤ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਮੋਹਾਲੀ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਅਗਲੇ ਦਿਨ ਸਵੇਰੇ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਘਰ ’ਚੋਂ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਿਜੀਲੈਂਸ ਦੀ ਦੂਜੀ ਟੀਮ ਵੱਲੋਂ ਮਜੀਠੀਆ ਦੇ ਚੰਡੀਗੜ੍ਹ ਵਿਚਲੇ ਘਰ ਦੀ ਵੀ ਤਲਾਸ਼ੀ ਲਈ ਗਈ ਸੀ।
ਇਸ ਮਾਮਲੇ ’ਚ ਵਿਜੀਲੈਂਸ ਵੱਲੋਂ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਬਾਰੇ ਹਾਲੇ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ।
Read More : ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ : ਮੁੱਖ ਮੰਤਰੀ
