ਵਰਚੂਅਲ ਤੌਰ ’ਤੇ ਅਦਾਲਤ ’ਚ ਪੇਸ਼ ਹੋਈ ਕੰਗਨਾ, ਪਾਸਪੋਰਟ ਜਬਤ ਦੀ ਅਰਜ਼ੀ ’ਤੇ ਹੋਈ ਸੁਣਵਾਈ
ਬਠਿੰਡਾ, 27 ਜਨਵਰੀ : ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਅਦਾਲਤ ਨੇ ਅਗਲੀ ਸੁਣਵਾਈ ਲਈ 10 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਅੱਜ ਹੋਈ ਸੁਣਵਾਈ ਦੌਰਾਨ ਕੰਗਨਾ ਰਣੌਤ ਵਰਚੂਅਲ ਤੌਰ ’ਤੇ ਅਦਾਲਤ ’ਚ ਪੇਸ਼ ਹੋਈ।
ਇਸ ਦੌਰਾਨ ਮਹਿੰਦਰ ਕੌਰ ਦੇ ਵਕੀਲ ਵੱਲੋਂ ਅਦਾਲਤ ’ਚ ਇਕ ਅਹਿਮ ਅਰਜ਼ੀ ਦਾਇਰ ਕੀਤੀ ਗਈ, ਜਿਸ ’ਚ ਕੰਗਨਾ ਰਣੌਤ ਦਾ ਪਾਸਪੋਰਟ ਜਬਤ ਕਰਨ ਦੀ ਮੰਗ ਕੀਤੀ ਗਈ। ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਕੰਗਨਾ ਰਣੌਤ ਮਾਮਲੇ ਤੋਂ ਬਚਣ ਲਈ ਦੇਸ਼ ਤੋਂ ਬਾਹਰ ਜਾ ਸਕਦੀ ਹੈ, ਜਿਸ ਨਾਲ ਨਿਆਂਇਕ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
ਅੱਜ ਦੀ ਕਾਰਵਾਈ ਦੌਰਾਨ ਮਾਮਲੇ ਨਾਲ ਸਬੰਧਿਤ ਅਡੀਸ਼ਨਲ ਐਵੀਡੈਂਸ ਦੇ ਤੌਰ ’ਤੇ ਮਹਿੰਦਰ ਕੌਰ ਵੱਲੋਂ ਦੋ ਗਵਾਹ ਅਦਾਲਤ ’ਚ ਪੇਸ਼ ਕੀਤੇ ਗਏ। ਇਨ੍ਹਾਂ ’ਚ ਸੁਰਜੀਤ ਸਿੰਘ ਫੂਲ, ਜੋ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ ਅਤੇ ਇਕ ਹੋਰ ਕਿਸਾਨ ਨੇਤਾ ਸ਼ਾਮਲ ਸਨ। ਦੋਵਾਂ ਗਵਾਹਾਂ ਨੇ ਅਦਾਲਤ ’ਚ ਆਪਣੇ ਬਿਆਨ ਦਰਜ ਕਰਵਾਏ।
ਅਦਾਲਤ ਨੇ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਲਈ 10 ਫਰਵਰੀ ਦੀ ਤਰੀਕ ਮੁਕਰਰ ਕਰ ਦਿੱਤੀ ਹੈ। ਮਾਮਲਾ ਕਿਸਾਨ ਅੰਦੋਲਨ ਨਾਲ ਜੁੜੀਆਂ ਟਿੱਪਣੀਆਂ ਕਾਰਨ ਕਾਫੀ ਸੰਵੇਦਨਸ਼ੀਲ ਬਣਿਆ ਹੋਇਆ ਹੈ ਅਤੇ ਇਸ ’ਤੇ ਸਿਆਸੀ ਤੇ ਸਮਾਜਿਕ ਹਲਕਿਆਂ ’ਚ ਵੀ ਨਿਗਾਹ ਬਣੀ ਹੋਈ ਹੈ।
Read More : ਕਾਰਾਂ ਦੀ ਟੱਕਰ, ਔਰਤ ਸਮੇਤ 3 ਦੀ ਮੌਤ
